ਨਵੀਂ ਦਿੱਲੀ, 3 ਮਾਰਚ
ਅਸਮਾਨੀ ਪੁੱਜੀਆਂ ਤੇਲ ਕੀਮਤਾਂ ਦਰਮਿਆਨ ਸਮੀਖਿਅਕਾਂ ਨੇ ਕਿਹਾ ਕਿ ਸਰਕਾਰ ਕੋਲ ਇੰਨੀ ਕੁ ਗੁੰਜਾਇਸ਼ ਹੈ ਕਿ ਉਹ ਪੈਟਰੋਲ ਤੇ ਡੀਜ਼ਲ ਤੋਂ ਟੈਕਸਾਂ ਦੇ ਰੂਪ ਵਿੱਚ ਹੁੰਦੀ ਕਮਾਈ ਦੇ ਆਪਣੇ ਬਜਟ ਟੀਚੇ ਨੂੰ ਅਸਰਅੰਦਾਜ਼ ਕੀਤੇ ਬਿਨਾਂ ਪੈਟਰੋਲ ਤੇ ਡੀਜ਼ਲ ’ਤੇ ਲਗਦੀ ਐਕਸਾਈਜ਼ ਡਿਊਟੀ ਵਿੱਚ ਪ੍ਰਤੀ ਲਿਟਰ 8.5 ਰੁਪਏ ਦੀ ਕਟੌਤੀ ਕਰ ਸਕਦੀ ਹੈ। ਦੱਸਣਾ ਬਣਦਾ ਹੈ ਕਿ ਪਿਛਲੇ 9 ਮਹੀਨਿਆਂ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇਤਿਹਾਸਕ ਸਿਖਰਲੇ ਪੱਧਰ ’ਤੇ ਹਨ। ਵਿਰੋਧੀ ਪਾਰਟੀਆਂ ਤੇ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਐਕਸਾਈਜ਼ ਡਿਊਟੀ ’ਚ ਕਟੌਤੀ ਕਰਕੇ ਖਪਤਕਾਰਾਂ ’ਤੇ ਪੈਣ ਵਾਲੇ ਬੋਝ ਨੂੰ ਘਟਾਏ। ਆਈਸੀਆਈਸੀਆਈ ਸਕਿਉਰਿਟੀਜ਼ ਨੇ ਇਕ ਬਿਆਨ ’ਚ ਕਿਹਾ, ‘ਸਾਡਾ ਅਨੁਮਾਨ ਹੈ ਕਿ ਵਿੱਤੀ ਸਾਲ 2022 (ਅਪਰੈਲ 2021 ਤੋਂ ਮਾਰਚ 2022) ਦੇ ਬਜਟ ਵਿੱਚ ਆਟੋ ਈਂਧਣਾਂ ਤੋਂ ਐਕਸਾਈਜ਼ ਡਿਊਟੀ ਦੇ ਰੂਪ ਵਿੱਚ 3.2 ਲੱਖ ਕਰੋੜ ਦਾ ਅਨੁਮਾਨ ਲਾਇਆ ਗਿਆ ਹੈ ਜਦੋਂਕਿ ਕਟੌਤੀ ਨਾ ਹੋਣ ਦੀ ਸੂਰਤ ’ਚ ਇਹ ਅੰਕੜਾ 4.35 ਲੱਖ ਕਰੋੜ ਰਹੇਗਾ। ਲਿਹਾਜ਼ਾ ਜੇ 1 ਅਪਰੈਲ 2021 ਤੋਂ ਪਹਿਲਾਂ ਐਕਸਾਈਜ਼ ਡਿਊਟੀ ਵਿੱਚ ਪ੍ਰਤੀ ਲਿਟਰ 8.5 ਰੁਪਏ ਦੀ ਕਟੌਤੀ ਕੀਤੀ ਜਾਂਦੀ ਹੈ ਤਾਂ ਵੀ ਵਿੱਤੀ ਸਾਲ 2022 ਦੇ ਬਜਟ ਅਨੁਮਾਨਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।’ ਦਿੱਲੀ ’ਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਕ੍ਰਮਵਾਰ 91.17 ਰੁਪਏ ਤੇ 81.47 ਰੁਪਏ ਪ੍ਰਤੀ ਲਿਟਰ ਹੈ।
-ਪੀਟੀਆਈ