ਨਵੀਂ ਦਿੱਲੀ: ਭਾਰਤ ਨੇ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਵੱਲੋਂ ਜੰਮੂ ਕਸ਼ਮੀਰ ਵਿਚ ਚੱਲ ਰਹੀ ਹੱਦਬੰਦੀ ’ਤੇ ਕੀਤੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਹੈ। ਭਾਰਤ ਨੇ ਮੁਲਕਾਂ ਦੇ ਸਮੂਹ ਨੂੰ ਕਿਹਾ ਕਿ ਉਹ ਇਕ ਮੁਲਕ ਦੇ ਕਹਿਣ ਉਤੇ ‘ਫ਼ਿਰਕੂ ਏਜੰਡਾ’ ਚਲਾਉਣ ਤੋਂ ਗੁਰੇਜ਼ ਕਰਨ। ਭਾਰਤ ਨੇ ਅਸਿੱਧੇ ਤੌਰ ’ਤੇ ਪਾਕਿਸਤਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਓਆਈਸੀ ਨੇ ਇਕ ਵਾਰ ਮੁੜ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਬੇਲੋੜੀਆਂ ਟਿੱਪਣੀਆਂ ਕੀਤੀਆਂ ਹਨ। ਇਸਲਾਮਿਕ ਮੁਲਕਾਂ ਦੇ ਸੰਗਠਨ ਨੇ ਨਵੇਂ ਸਿਰਿਓਂ ਹੱਦਬੰਦੀ ਦੀ ਆਲੋਚਨਾ ਕੀਤੀ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਵੀ ਜੰਮੂ ਕਸ਼ਮੀਰ ਬਾਰੇ ਓਆਈਸੀ ਦੀਆਂ ਟਿੱਪਣੀਆਂ ਨੂੰ ਖਾਰਜ ਕੀਤਾ ਗਿਆ ਹੈੈ। -ਪੀਟੀਆਈ