ਕਾਂਠੀ ਦਕਸ਼ਿਨ(ਪੱਛਮੀ ਬੰਗਾਲ), 21 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਪੂਰਬੀ ਮੇਦਨੀਪੁਰ ਦੇ ਪ੍ਰਭਾਵਸ਼ਾਲੀ ਅਧਿਕਾਰੀ ਪਰਿਵਾਰ ਦੇ ‘ਅਸਲ ਚਿਹਰੇ’ ਨੂੰ ਨਹੀਂ ਪਛਾਣ ਸਕੀ। ਮਮਤਾ ਨੇ ਖ਼ੁਦ ਨੂੰ ‘ਮੂਰਖ’ ਦੱਸਦਿਆਂ ਕਿਹਾ ਕਿ ਇਸ ਭੁੱਲ ਲਈ ਉਹ ਖੁ਼ਦ ਜ਼ਿੰਮੇਵਾਰ ਹੈ। ਪਾਰਟੀ ਸਹਾਇਕ ਤੋਂ ਰਵਾਇਤੀ ਵਿਰੋਧੀ ਬਣੇ ਸੁਵੇਂਦੂ ਅਧਿਕਾਰੀ ਖ਼ਿਲਾਫ਼ ਆਪਣਾ ਗੁੱਸਾ ਕੱਢਦਿਆਂ ਮਮਤਾ ਨੇ ਕਿਹਾ ਕਿ ਉਸ ਨੇ ਇਹ ਅਫ਼ਵਾਹ ਸੁਣੀ ਹੈ ਕਿ ਅਧਿਕਾਰੀ ਪਰਿਵਾਰ ਨੇ 5000 ਕਰੋੜ ਰੁਪਏ ਦਾ ਸਾਮਰਾਜ ਬਣਾਇਆ ਹੈ ਤੇ ਟੀਐੱਮਸੀ ਸਰਕਾਰ ਬਣਨ ’ਤੇ ਇਸ ਦੀ ਜਾਂਚ ਕਰਵਾਈ ਜਾਵੇਗੀ।
ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘ਮੈਂ ਕਹਿੰਦੀ ਹਾਂ ਕਿ ਮੈਂ ‘ਵੱਡੀ ਮੂਰਖ’ ਹਾਂ, ਜੋ ਉਨ੍ਹਾਂ (ਅਧਿਕਾਰੀ ਪਰਿਵਾਰ) ਨੂੰ ਪਛਾਣਨ ਵਿੱਚ ਨਾਕਾਮ ਰਹੀ। ਮੈਨੂੰ ਨਹੀਂ ਪਤਾ, ਪਰ ਲੋਕ ਕਹਿੰਦੇ ਹਨ ਕਿ ਉਨ੍ਹਾਂ ਦਾ ‘ਸਾਮਰਾਜ’ 5000 ਕਰੋੜ ਰੁਪਏ ਦਾ ਹੈ ਤੇ ਉਹ ਇਹ ਪੈਸਾ ਵੋਟਾਂ ਖਰੀਦਣ ਲਈ ਵਰਤਣਗੇ। ਪਰ ਉਨ੍ਹਾਂ ਨੂੰ ਵੋਟਾਂ ਨਾ ਪਾਇਓ।’ ਮੁੱਖ ਮੰਤਰੀ ਨੇ ਕਿਹਾ ਕਿ ਉਹ ਮੁੜ ਸੱਤਾ ਵਿੱਚ ਆਉਣ ’ਤੇ ਇਸ ਤੱਥ ਦੀ ਜਾਂਚ ਕਰਵਾਉਣਗੇ। ਦੱਸਣਾ ਬਣਦਾ ਹੈ ਕਿ ਅਧਿਕਾਰੀ ਪਰਿਵਾਰ, ਜਿਨ੍ਹਾਂ ਦਾ ਇਸ ਜ਼ਿਲ੍ਹੇ ਵਿੱਚ ਵਿਆਪਕ ਸਿਆਸੀ ਆਧਾਰ ਹੈ, ਭਾਜਪਾ ਵਿੱਚ ਸ਼ਾਮਲ ਹੋ ਚੁੱਕਾ ਹੈ ਜਾਂ ਫਿਰ ਭਗਵਾਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਖਾਹਿਸ਼ਮੰਦ ਹੈ। ਬੈਨਰਜੀ ਨੇ ਅਧਿਕਾਰੀ ਪਰਿਵਾਰ ਦੀ ਤੁਲਨਾ ‘ਮੀਰ ਜਾਫ਼ਰ’ (ਗੱਦਾਰ) ਨਾਲ ਕਰਦਿਆਂ ਕਿਹਾ ਕਿ ਖੇਤਰ ਦੇ ਲੋਕ ਇਸ ਧੋਖੇ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਵੋਟਾਂ ਜ਼ਰੀਏ ਠੋਕਵਾਂ ਜਵਾਬ ਦੇਣਗੇ। ਟੀਐੱਮਸੀ ਮੁਖੀ ਨੇ ਭਾਜਪਾ ਨੂੰ ‘ਗੁੰਡਿਆਂ ਤੇ ਬਦਮਾਸ਼ਾਂ’ ਦੀ ਪਾਰਟੀ ਦੱਸਿਆ। -ਪੀਟੀਆਈ