ਹੈਦਰਾਬਾਦ, 3 ਸਤੰਬਰ
ਭਾਰਤੀ ਜਨਤਾ ਪਾਰਟੀ ਨੇ ਮੰਗ ਕੀਤੀ ਹੈ ਕਿ 17 ਸਤੰਬਰ ਨੂੰ ਅਧਿਕਾਰਤ ਤੌਰ ’ਤੇ ‘ਤਿਲੰਗਾਨਾ ਮੁਕਤੀ ਦਿਵਸ’ ਮਨਾਇਆ ਜਾਣਾ ਚਾਹੀਦਾ ਹੈ। ਦੂਜੇ ਪਾਸੇ ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ‘ਹੈਦਰਾਬਾਦ ਮੁਕਤੀ ਦਿਵਸ’ ਦੀ ਥਾਂ ‘ਕੌਮੀ ਏਕਤਾ ਦਿਵਸ’ ਦੇ ਨਾਂ ਹੇਠ ਸਮਾਗਮ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ 1948 ’ਚ ਇਸੇ ਦਿਨ ਨਿਜ਼ਾਮ ਦੇ ਸ਼ਾਸਨ ਵਾਲੇ ਤਤਕਾਲੀ ਹੈਦਰਾਬਾਦ ਰਾਜ ਦਾ ਭਾਰਤੀ ਸੰਘ ’ਚ ਰਲੇਵਾਂ ਹੋ ਗਿਆ ਸੀ।
ਭਾਜਪਾ ਦੀ ਤਿਲੰਗਾਨਾ ਇਕਾਈ ਦੇ ਪ੍ਰਧਾਨ ਬੰਡੀ ਸੰਜੈ ਕੁਮਾਰ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੂੰ ਅਧਿਕਾਰਤ ਤੌਰ ’ਤੇ 17 ਸਤੰਬਰ ਨੂੰ ‘ਤਿਲੰਗਾਨਾ ਮੁਕਤੀ ਦਿਵਸ’ ਮਨਾਉਣਾ ਚਾਹੀਦਾ ਹੈ। ਲੋਕ ਸਭਾ ਮੈਂਬਰ ਕੁਮਾਰ ਨੇ ਕਿਹਾ ਕਿ ਏਆਈਐੱਮਆਈਐੱਮ ਦੇ ਡਰ ਕਾਰਨ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਤਿਲੰਗਾਨਾ ਮੁਕਤੀ ਦਿਵਸ ਨਹੀਂ ਮਨਾਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਅਧਿਕਾਰਤ ਤੌਰ ’ਤੇ ਇਹ ਦਿਵਸ ਨਾ ਮਨਾ ਕੇ ਉਹ ਉਨ੍ਹਾਂ ਦੀ ਬੇਅਦਬੀ ਕਰ ਰਹੇ ਹਨ ਜਿਨ੍ਹਾਂ ਇਸ ਸੂਬੇ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ। ਦੂਜੇ ਪਾਸੇ ਅਸਦੂਦੀਨ ਓਵਾਇਸੀ ਨੇ ਬਰਤਾਨਵੀ ਹਕੂਮਤ ਨਾਲ ਲੜਨ ਵਾਲੇ ਇਨਕਲਾਬੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਹੈਦਰਾਬਾਦ ਰਿਆਸਤ ’ਚ ਰਹਿਣ ਵਾਲੇ ਆਮ ਹਿੰਦੂਆਂ ਤੇ ਮੁਸਲਮਾਨਾਂ ਨੇ ਜਮਹੂਰੀਅਤ, ਧਰਮ ਨਿਰਪੱਖਤਾ ਤੇ ਗਣਤੰਤਰ ਸਰਕਾਰ ਤਹਿਤ ਏਕੀਕ੍ਰਿਤ ਭਾਰਤ ਦੀ ਵਕਾਲਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੌਮੀ ਅੰਦੋਲਨ ਨੇ ਇਸ ਖੇਤਰ ਦੇ ਲੋਕਾਂ ਨੂੰ ਆਜ਼ਾਦ ਭਾਰਤ ਦੇ ਅਟੁੱਟ ਅੰਗ ਵਜੋਂ ਦੇਖਿਆ ਸੀ। ਇਸ ਲਈ ਇਸ ਦਿਹਾੜੇ ਲਈ ਸਿਰਫ਼ ‘ਮੁਕਤੀ’ ਸ਼ਬਦ ਦੀ ਵਰਤੋਂ ਕਰਨ ਦੀ ਥਾਂ ‘ਕੌਮੀ ਏਕਤ ਦਿਵਸ’ ਕਹਿਣਾ ਜ਼ਿਆਦਾ ਸਹੀ ਹੋਵੇਗਾ। -ਪੀਟੀਆਈ