ਨਵੀਂ ਦਿੱਲੀ, 26 ਅਕਤੂਬਰ
ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਸਰਕਾਰੀ ਮਾਲਕੀ ਵਾਲੇ ਬੈਂਕਾਂ, ਅਦਾਰਿਆਂ ਤੇ ਕੇਂਦਰ ਸਰਕਾਰ ਦੇ ਵਿਭਾਗਾਂ ਨੂੰ ਸੰਵੇਦਨਸ਼ੀਲ ਅਹੁਦਿਆਂ ਦੀ ਨਿਯਮਤ ਪਛਾਣ ਕਰਨ ਲਈ ਕਿਹਾ ਹੈ। ਸੀਵੀਸੀ ਨੇ ਕਿਹਾ ਕਿ ਇਨ੍ਹਾਂ ਅਹੁਦਿਆਂ ’ਤੇ ਬੈਠੇ ਅਧਿਕਾਰੀਆਂ ਨੂੰ ਨਿਯਮਤ ਵਕਫ਼ੇ ਨਾਲ ਤਬਦੀਲ ਕੀਤਾ ਜਾਵੇ। ਕਾਬਿਲੇਗੌਰ ਹੈ ਕਿ ਸੀਵੀਸੀ ਦੇ ਧਿਆਨ ਵਿੱਚ ਆਇਆ ਸੀ ਕਿ ਕਈ ਸੰਸਥਾਵਾਂ, ਸੰਵੇਦਨਸ਼ੀਲ ਅਹੁਦਿਆਂ ਦੀ ਪਛਾਣ ਨੂੰ ਲੈ ਕੇ ਉਸ ਵੱਲੋਂ ਜਾਰੀ ਸੇਧਾਂ ਦਾ ਮੁਕੰਮਲ ਰੂਪ ਵਿੱਚ ਪਾਲਣ ਨਹੀਂ ਕਰ ਰਹੀਆਂ। ਕਮਿਸ਼ਨ ਨੇ ਇਕ ਹੁਕਮ ਵਿੱਚ ਕਿਹਾ ਕਿ ਮੁੱਖ ਵਿਜੀਲੈਂਸ ਅਧਿਕਾਰੀ (ਸੀਵੀਓ’ਜ਼), ਜੋ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਨਿਗਰਾਨ ਵਜੋਂ ਕੰਮ ਕਰਦੇ ਹਨ, ਸਬੰਧਤ ਸੰਸਥਾਵਾਂ ਦੇ ਮੁੱਖ ਕਾਰਜਕਾਰੀ/ਪ੍ਰਬੰਧਕ ਦੇ ਸਲਾਹ-ਮਸ਼ਵਰੇ ਨਾਲ ਉਨ੍ਹਾਂ ਦੇ ਅਦਾਰਿਆਂ ਵਿਚਲੇ ਸੰਵੇਦਨਸ਼ੀਲ ਅਹੁਦਿਆਂ ਦੀ ਪਛਾਣ ਕਰਨਗੇ। ਲੰਘੇ ਦਿਨ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ‘ਭਵਿੱਖ ’ਚ ਹਰ ਤਿੰਨ ਸਾਲ ਦੇ ਵਕਫ਼ੇ ਮਗਰੋਂ ਸੰਵੇਦਨਸ਼ੀਲ ਅਹੁਦਿਆਂ ਦੀ ਪਛਾਣ ਤੇ ਨਜ਼ਰਸਾਨੀ ਲਈ ਮਸ਼ਕ ਚਲਾਈ ਜਾਵੇ।’ ਐਂਟੀ ਕਰੱਪਸ਼ਨ ਕਾਰਕੁਨ ਅਜੈ ਦੂਬੇ ਨੇ ਕਿਹਾ ਕਿ ਸਾਰੇ ਸਰਕਾਰੀ ਵਿਭਾਗ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸੀਵੀਸੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ। -ਪੀਟੀਆਈ