ਮੁੰਬਈ, 19 ਮਈ
ਜਲ ਸੈਨਾ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਸੈਨਿਕਾਂ ਨੇ ਬੇਹੱਦ ਖਰਾਬ ਮੌਸਮ ਨਾਲ ਲੜਦਿਆਂ ਵਜਰਾ ਪੀ-305 ’ਤੇ ਮੌਜੂਦ ਹੁਣ 273 ਲੋਕਾਂ ਵਿਚੋਂ ਹੁਣ ਤੱਕ 186 ਨੂੰ ਬਚਾਅ ਲਿਆ ਹੈ। ਜਲ ਸੈਨਾ ਦੇ ਤਰਜਮਾਨ ਮੁਤਾਬਕ ਦੋ ਹੋਰ ਵਜਰਾਂ ਅਤੇ ਤੇਲ ਦੀ ਇਕ ਰੈਗ ’ਤੇ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਚੱਕਰਵਾਤੀ ਤੂਫਾਨ ਦੇ ਗੁਜਰਾਤ ਦੇ ਤੱਟ ਆਉਣ ਤੋਂ ਕੁਝ ਘੰਟੇ ਪਹਿਲਾਂ ਇਹ ਵਜਰਾ ਮੁੰਬਈ ਨੇੜੇ ਅਰਬ ਸਾਗਰ ਵਿੱਚ ਫਸ ਗਏ ਸਨ। ਜਲ ਸੈਨਾ ਦੇ ਇਕ ਬੁਲਾਰੇ ਨੇ ਕਿਹਾ, ‘ਬੁੱਧਵਾਰ ਸਵੇਰ ਤੱਕ, ਪੀ-305 ਤੋਂ 186 ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਆਈਐਨਐਸ ਕੋਚੀ ਅਤੇ ਆਈਐਨਐਸ ਕੋਲਕਾਤਾ ਇਨ੍ਹਾਂ ਲੋਕਾਂ ਨਾਲ ਮੁੰਬਈ ਬੰਦਰਗਾਹ ਪਰਤ ਰਹੇ ਹਨ।’ ਉਨ੍ਹਾਂ ਕਿਹਾ ਕਿ ਆਈਐਨਐਸ ਤੇਗ, ਆਈਐਨਐਸ ਬੈਤਵਾ, ਆਈਐਨਐਸ ਬਿਆਸ, ਪੀ 81 ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਸਹਾਇਤਾ ਨਾਲ ਭਾਲ ਅਤੇ ਬਚਾਅ ਕਾਰਜ ਜਾਰੀ ਹਨ। -ਏਜੰਸੀ