ਪਟਨਾ, 29 ਸਤੰਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਕੂਲੀ ਵਿਦਿਆਰਥਣਾਂ ਨਾਲ ਗੱਲਬਾਤ ਦੌਰਾਨ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਸੀਨੀਅਰ ਮਹਿਲਾ ਆਈਏਐੱਸ ਅਫ਼ਸਰ ਹਰਜੋਤ ਕੌਰ ਬੁਮਰਾਹ ਖ਼ਿਲਾਫ਼ ਕਾਰਵਾਈ ਦੇ ਸੰਕੇਤ ਦਿੱਤੇ ਹਨ। ਇਸ ਮਹਿਲਾ ਅਫਸਰ ਦੀ ਟਿੱਪਣੀ ਕਾਰਨ ਸਰਕਾਰ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ। ਦੂਜੇ ਪਾਸੇ ਕੌਮੀ ਮਹਿਲਾ ਕਮਿਸ਼ਨ ਨੇ ਸਬੰਧਤ ਅਫਸਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਅਫਸਰ ਨੇ ਹਾਲਾਂਕਿ ਹਲਫ਼ਨਾਮਾ ਦੇ ਕੇ ਆਪਣੀ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਇਹ ਘਟਨਾ 27 ਸਤੰਬਰ ਨੂੰ ਹੋਏ ਸਮਾਗਮ ਦੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਪੱਤਰਕਾਰਾਂ ਨੇ ਜਦੋਂ ਨਿਤੀਸ਼ ਕੁਮਾਰ ਨੂੰ ਮਹਿਲਾ ਕਮਿਸ਼ਨ ਵੱਲੋਂ ਸਬੰਧਤ ਅਫਸਰ ਨੂੰ ਜਾਰੀ ਕੀਤੇ ਗਏ ਨੋਟਿਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘ਮੈਨੂੰ ਇਸ ਘਟਨਾ ਬਾਰੇ ਅਖ਼ਬਾਰਾਂ ਰਾਹੀਂ ਪਤਾ ਲੱਗਿਆ ਹੈ ਅਤੇ ਇਸ ਦੀ ਜਾਂਚ ਲਈ ਹੁਕਮ ਦਿੱਤੇ ਗਏ ਹਨ। ਅਸੀਂ ਸੂਬੇ ਦੀਆਂ ਮਹਿਲਾਵਾਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧ ਹਾਂ। ਜੇ ਆਈਏਐੱਸ ਅਫਸਰ ਦੀ ਗਲਤੀ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਵੇਗੀ।’ ਵਧੀਕ ਮੁੱਖ ਸਕੱਤਰ ਪੱਧਰ ਦੀ ਅਫਸਰ ਬੁਮਰਾਹ ਜੋ ਕਿ ਮਹਿਲਾ ਸੂਬਾਈ ਮਹਿਲਾ ਤੇ ਬਾਲ ਵਿਕਾਸ ਕਮਿਸ਼ਨ ਦੀ ਮੁਖੀ ਵੀ ਹੈ, ਨੂੰ ਇੱਥੇ ਸੂਬਾ ਪੱਧਰੀ ਵਰਕਸ਼ਾਪ ਦੌਰਾਨ ਜਦੋਂ ਵਿਦਿਆਰਥਣਾਂ ਨੇ ਮੁਫ਼ਤ ਸੈਨੇਟਰੀ ਪੈਡ ਦੀ ਸਹੂਲਤ ਸਬੰਧੀ ਸਵਾਲ ਕੀਤੀ ਤਾਂ ਉਨ੍ਹਾਂ ਕਿਹਾ, ‘ਮੁਫ਼ਤਖੋਰੀ ਦੀ ਕੋਈ ਹੱਦ ਨਹੀਂ ਹੈ। ਸਰਕਾਰ ਨੇ ਪਹਿਲਾਂ ਹੀ ਬਹੁਤ ਕੁਝ ਦਿੱਤਾ ਹੈ। ਅੱਜ ਤੁਸੀਂ ਮੁਫ਼ਤ ਨੈਪਕਿਨ ਦੇ ਪੈਕੇਟ ਚਾਹੁੰਦੀਆਂ ਹੋ। ਭਲਕੇ ਤੁਸੀਂ ਜੀਨਜ਼ ਤੇ ਜੁੱਤੇ ਮੰਗ ਸਕਦੀਆਂ ਹੋ ਤੇ ਜਦੋਂ ਤੁਸੀਂ ਪਰਿਵਾਰ ਬਣਾਉਣ ਦੀ ਉਮਰ ’ਚ ਹੋਵੇਗੀਆਂ ਤਾਂ ਮੁਫ਼ਤ ਨਿਰੋਧ ਦੀ ਮੰਗ ਵੀ ਕਰੋਗੀਆਂ।’ ਕੌਮੀ ਮਹਿਲਾ ਕਮਿਸ਼ਨ ਨੇ ਆਈਏਐੱਸ ਅਫਸਰ ਹਰਜੋਤ ਕੌਰ ਬੁਮਰਾਹ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। -ਪੀਟੀਆਈ