ਮੁੰਬਈ, 25 ਮਈ
ਮੁੰਬਈ ਪੁਲੀਸ ਨੇ ਅੱਜ ਚੋਣਾਂ ਵਿੱਚ ਓਬੀਸੀ ਦੇ ਰਾਖਵੇਂਕਰਨ ਦੀ ਮੰਗ ਸਬੰਧੀ ਸੂਬੇ ਦੇ ਸਕੱਤਰੇਤ ਨੇੜੇ ਭਾਜਪਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਨੇਤਾ ਪ੍ਰਵੀਨ ਦਾਰੇਕਰ, ਪ੍ਰਦੇਸ਼ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਅਤੇ ਸਾਬਕਾ ਮੰਤਰੀ ਸੁਧੀਰ ਸਮੇਤ 40 ਦੇ ਕਰੀਬ ਪਾਰਟੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਗਏ ਇਨ੍ਹਾਂ ਵਰਕਰਾਂ ਨੂੰ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਲਿਜਾਇਆ ਗਿਆ। ਹਾਲਾਂਕਿ ਉਨ੍ਹਾਂ ਨੂੰ ਕੁੱਝ ਦੇਰ ਮਗਰੋਂ ਰਿਹਾਅ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 11:30 ਵਜੇ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ 250 ਦੇ ਕਰੀਬ ਪਾਰਟੀ ਵਰਕਰਾਂ ਨੇ ਜਦੋਂ ਮਹਾਰਾਸ਼ਟਰ ਸਕੱਤਰੇਤ ‘ਮੰਤਰਾਲੇ’ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਰੀਨ ਡਰਾਈਵ ਪੁਲੀਸ ਨੇ ਉਨ੍ਹਾਂ ਨੂੰ ਉੱਥੇ ਹੀ ਰੋਕ ਦਿੱਤਾ ਤੇ 40 ਦੇ ਕਰੀਬ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਸਾਲ ਦੇ ਸ਼ੁਰੂ ਵਿੱਚ ਮਹਾਰਾਸ਼ਟਰ ਰਾਜ ਬੀਸੀ ਕਮਿਸ਼ਨ ਦੀ ਅੰਤਰਿਮ ਰਿਪੋਰਟ ਰੱਦ ਕਰ ਦਿੱਤੀ ਸੀ। ਇਸ ਰਿਪੋਰਟ ਵਿੱਚ ਸਥਾਨਕ ਚੋਣਾਂ ਵਿੱਚ ਓਬੀਸੀ ਲਈ 27 ਫੀਸਦੀ ਰਾਖਵਾਂਕਰਨ ਬਹਾਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। -ਪੀਟੀਆਈ