ਨਵੀਂ ਦਿੱਲੀ, 22 ਅਗਸਤ
ਭਾਰਤ ਦੇ ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਨੇ ਅੱਜ ਕਿਹਾ ਕਿ ਸੰਸਦ ਵਿੱਚ ਪਹਿਲਾਂ ਕਾਨੂੰਨੀ ਪੇਸ਼ੇ ਨਾਲ ਸਬੰਧਤ ਮੈਂਬਰਾਂ ਦੀ ਬਹੁਗਿਣਤੀ ਹੁੰਦੀ ਸੀ ਜਿਨ੍ਹਾਂ ਨੇ ਬਹੁਤ ਵਧੀਆ ਸੰਵਿਧਾਨ ਅਤੇ ਬਿਨਾ ਕਿਸੇ ਕਮੀ ਵਾਲੇ ਕਾਨੂੰਨ ਦਿੱਤੇ ਪਰ ਹੁਣ ਸੰਸਦ ਵਿੱਚ ਵਕੀਲਾਂ ਦੀ ਗਿਣਤੀ ਘੱਟ ਗਈ ਹੈ ਅਤੇ ਉਨ੍ਹਾਂ ਦੀ ਜਗ੍ਹਾ ਹੋਰਾਂ ਨੇ ਘੇਰ ਲਈ ਹੈ। ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਸਨਮਾਨ ਕਰਦਿਆਂ ਜਸਟਿਸ ਰਾਮੰਨਾ ਨੇ ਕਿਹਾ, ‘‘ਉਨ੍ਹਾਂ (ਧਨਖੜ) ਦਾ ਇਸ ਰੁਤਬੇ ’ਤੇ ਪਹੁੰਚਣਾ ਸਾਡੀਆਂ ਲੋਕਤੰਤਰੀ ਰਵਾਇਤਾਂ ਅਤੇ ਅਮੀਰ ਸੰਵਿਧਾਨਕ ਮੁੱਲਾਂ ਦਾ ਪ੍ਰਮਾਣ ਹੈ। ਇਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਾਡਾ ਪ੍ਰਗਤੀਸ਼ੀਲ ਸੰਵਿਧਾਨ ਬਿਨਾ ਕਿਸੇ ਜਾਤ, ਧਰਮ ਤੇ ਵਿੱਤੀ ਭੇਦਭਾਵ ਤੋਂ ਸਾਰਿਆਂ ਨੂੰ ਇਕ ਬਰਾਬਰ ਦੇ ਮੌਕੇ ਮੁਹੱਈਆ ਕਰਦਾ ਹੈ।’’
ਜਸਟਿਸ ਰਾਮੰਨਾ ਨੇ ਕਿਹਾ ਕਿ ਇਹ ਲੋਕਤੰਤਰ ਦੀ ਤਾਕਤ ਹੈ ਕਿ ਇਕ ਸੀਨੀਅਰ ਵਕੀਲ ਧਨਖੜ, ਦੇਸ਼ ਦੇ ਦੂਜੇ ਸਭ ਤੋਂ ਚੋਟੀ ਦੇ ਅਹੁਦੇ ’ਤੇ ਪਹੁੰਚ ਸਕੇ ਹਨ। ਹਾਲਾਂਕਿ, ਉਨ੍ਹਾਂ ਦਾ ਪਿਛੋਕੜ ਦਿਹਾਤੀ ਸੀ ਅਤੇ ਉਨ੍ਹਾਂ ਨੂੰ ਸਿਆਸਤ ਵਿੱਚ ਕਿਸੇ ਦੀ ਸਰਪ੍ਰਸਤੀ ਵੀ ਹਾਸਲ ਨਹੀਂ ਸੀ। ਧਨਖੜ ਦੇ ਸਨਮਾਨ ਵਿੱਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਮਾਰੋਹ ਵਿੱਚ ਕਾਨੂੰਨ ਮੰਤਰੀ ਕਿਰਨ ਰਿਜਿਜੂ, ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਵੀ ਮੌਜੂਦ ਸਨ। -ਪੀਟੀਆਈ
ਜੱਜਾਂ ਨੂੰ ਨਿਸ਼ਾਨਾ ਬਣਾਉਣ ਦਾ ਰੁਝਾਨ ਚਿੰਤਾਜਨਕ: ਧਨਖੜ
ਨਵੀਂ ਦਿੱਲੀ: ਮੌਜੂਦਾ ਸਮੇਂ ਵਿੱਚ ਜਨਤਕ ਤੌਰ ’ਤੇ ਜੱਜਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਵਧ ਰਹੇ ਰੁਝਾਨ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਜੱਜਾਂ ਦਾ ਮਾਣ ਅਤੇ ਨਿਆਂ ਪ੍ਰਣਾਲੀ ਲਈ ਸਤਿਕਾਰ ਅਟੱਲ ਹਨ ਕਿਉਂਕਿ ਇਹ ਕਾਨੂੰਨ ਅਤੇ ਸੰਵਿਧਾਨਵਾਦ ਦੀ ਬੁਨਿਆਦ ਹਨ। ਉਨ੍ਹਾਂ ਕਿਹਾ, ‘‘ਜੱਜਾਂ ਦਾ ਮਾਣ ਕਾਨੂੰਨ ਤੇ ਸੰਵਿਧਾਨਵਾਦ ਦੀ ਬੁਨਿਆਦ ਹੈ। ਮੌਜੂਦਾ ਸਮੇਂ ਵਿੱਚ ਜੱਜਾਂ ਨੂੰ ਨਿਸ਼ਾਨਾ ਬਣਾਉਣ ਦਾ ਚੱਲ ਰਿਹਾ ਰੁਝਾਨ ਮੰਦਭਾਗਾ ਹੈ। ਬਾਰ ਦੇ ਮੈਂਬਰਾਂ ਅਤੇ ਮੀਡੀਆ ਨੂੰ ਇਸ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। -ਪੀਟੀਆਈ