ਗੁੜਗਾਉਂ, 16 ਅਕਤੂਬਰ
ਨੈਸ਼ਨਲ ਸਕਿਉਰਿਟੀ ਗਾਰਡ (ਐੱਨਐੱਸਜੀ) ਦੇ ਡਾਇਰੈਕਟਰ ਜਨਰਲ ਐੱਮ ਏ ਗਣਪਤੀ ਨੇ ਕਿਹਾ ਹੈ ਕਿ ਡਰੋਨ ਹਮਲਿਆਂ ਤੋਂ ਬਚਾਅ ਲਈ ਭਾਰਤੀ ਹਵਾਈ ਸੈਨਾ ਦੇ ਸ੍ਰੀਨਗਰ ਅਤੇ ਜੰਮੂ ਸਟੇਸ਼ਨਾਂ ’ਤੇ ਉਨ੍ਹਾਂ ਦੀ ਫੋਰਸ ਦੇ ਕਮਾਂਡੋ ਤਾਇਨਾਤ ਕੀਤੇ ਗਏ ਹਨ। ਜੰਮੂ ’ਚ ਭਾਰਤੀ ਹਵਾਈ ਸੈਨਾ ਦੇ ਸਟੇਸ਼ਨ ’ਤੇ ਸਰਹੱਦ ਪਾਰੋਂ ਆਏ ਦੋ ਯੂਏਵੀ ਨੇ ਬੰਬ ਸੁੱਟੇ ਸਨ। ਇਸ ਹਮਲੇ ’ਚ ਦੋ ਹਵਾਈ ਸੈਨਿਕ ਜ਼ਖ਼ਮੀ ਹੋ ਗਏ ਸਨ ਅਤੇ ਇਮਾਰਤ ਦਾ ਇਕ ਹਿੱਸਾ ਨੁਕਸਾਨਿਆ ਗਿਆ ਸੀ। ਐੱਨਐੱਸਜੀ ਦੇ ਮੁਖੀ ਨੇ ਕਿਹਾ ਕਿ ਕਮਾਂਡੋ ਫੋਰਸ ਵੱਧ ਰਹੀਆਂ ਸੁਰੱਖਿਆ ਚੁਣੌਤੀਆਂ ਦੇ ਟਾਕਰੇ ਲਈ ਆਪਣੀ ਤਾਕਤ ਵਧਾ ਰਹੀ ਹੈ। ਫੋਰਸ ਦੇ 37ਵੇਂ ਸਥਾਪਨਾ ਦਿਵਸ ਮੌਕੇ ਇਥੇ ਮਾਨੇਸਰ ’ਚ ਸੰਬੋਧਨ ਕਰਦਿਆਂ ਗਣਪਤੀ ਨੇ ਕਿਹਾ ਕਿ ਸ੍ਰੀਨਗਰ ਅਤੇ ਜੰਮੂ ਦੇ ਹਵਾਈ ਸੈਨਾ ਸਟੇਸ਼ਨਾਂ ’ਤੇ ਡਰੋਨ ਹਮਲਿਆਂ ਖ਼ਿਲਾਫ਼ ਮੁਹੱਈਆ ਕਰਵਾਈ ਗਈ ਸੁਰੱਖਿਆ ਸਫ਼ਲਤਾਪੂਰਬਕ ਕੰਮ ਕਰ ਰਹੀ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਐੱਨਐੱਸਜੀ ਦੇ ਕਮਾਂਡੋ ਉਸ ਸਮੇਂ ਤੱਕ ਸਟੇਸ਼ਨਾਂ ’ਤੇ ਤਾਇਨਾਤ ਰਹਿਣਗੇ ਜਦੋਂ ਤੱਕ ਕਿ ਦੋਵੇਂ ਸਟੇਸ਼ਨਾਂ ’ਤੇ ਡਰੋਨ ਹਮਲਿਆਂ ਤੋਂ ਬਚਾਅ ਲਈ ਪ੍ਰਣਾਲੀ ਤਾਇਨਾਤ ਨਹੀਂ ਕਰ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਐੱਨਐੱਸਜੀ ਕੋਲ ਡਰੋਨ ਵਿਰੋਧੀ ਸਾਜ਼ੋ ਸਾਮਾਨ ਰਡਾਰ, ਜੈਮਰ ਅਤੇ ਉਨ੍ਹਾਂ ਨੂੰ ਡੇਗਣ ਵਾਲੀਆਂ ਬੰਦੂਕਾਂ ਵੀ ਹਨ। ਹਵਾਈ ਸੈਨਾ ਦੇ ਜੰਮੂ ਅੱਡੇ ’ਤੇ ਡਰੋਨ ਹਮਲੇ ਤੋਂ ਤੁਰੰਤ ਬਾਅਦ ਐੱਨਐੱਸਜੀ ਦੀ ਤਕਨੀਕੀ ਨਿਗਰਾਨ ਟੀਮ ਭੇਜੀ ਗਈ ਸੀ ਅਤੇ ਉਸ ਨੇ ਡਰੋਨ ਵਿਰੋਧੀ ਸਾਜ਼ੋ ਸਾਮਾਨ ਉਥੇ ਤਾਇਨਾਤ ਕਰ ਦਿੱਤਾ ਸੀ। ਇਸ ਮੌਕੇ ਮੁੱਖ ਮਹਿਮਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਮਾਂਡੋ ਫੋਰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਲਈ ਨਿਰਪੱਖ ਸੁਰੱਖਿਆ ਨੀਤੀ ਲਿਆਂਦੀ ਹੈ। -ਪੀਟੀਆਈ