ਨਵੀਂ ਦਿੱਲੀ, 29 ਅਗਸਤ
ਦਿੱਲੀ ਦੀ ਇਕ ਅਦਾਲਤ ਨੇ ਮਨੀ ਲਾਂਡਰਿੰਗ ਕੇਸ ’ਚ ਐੱਨਐੱਸਈ ਦੀ ਸਾਬਕਾ ਐਮਡੀ ਤੇ ਸੀਈਓ ਚਿਤਰਾ ਰਾਮਕ੍ਰਿਸ਼ਨ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਇਹ ਕੇਸ ਗੈਰਕਾਨੂੰਨੀ ਫੋਨ ਟੈਪਿੰਗ ਤੇ ਐੱਨਐੱਸਈ ਮੁਲਾਜ਼ਮਾਂ ਦੀ ਜਾਸੂਸੀ ਨਾਲ ਜੁੜਿਆ ਹੈ। ਵਿਸ਼ੇਸ਼ ਜੱਜ ਸੁਨੈਨਾ ਸ਼ਰਮਾ ਨੇ ਇਹ ਕਹਿੰਦਿਆਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਜ਼ਮਾਨਤ ਦੇਣ ਦਾ ਰਾਹ ਅਜੇ ਪੱਧਰਾ ਨਹੀਂ ਹੈ। ਸੁਣਵਾਈ ਦੌਰਾਨ ਈਡੀ ਨੇ ਇਹ ਕਹਿੰਦਿਆਂ ਜ਼ਮਾਨਤ ਦਾ ਵਿਰੋਧ ਕੀਤਾ ਕਿ ਜਾਂਚ ਚੱਲ ਰਹੀ ਹੈ ਤੇ ਚਿਤਰਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਅਪਰਾਧ ਵਿਚ ਸ਼ਾਮਲ ਹੈ। ਈਡੀ ਦੇ ਵਕੀਲ ਨੇ ਕਿਹਾ ਕਿ 2009-17 ਤੱਕ ਐੱਨਐੱਸਈ ਦੇ ਸਾਬਕਾ ਸੀਈਓ ਰਵੀ ਨਰਾਇਣ, ਰਾਮਕ੍ਰਿਸ਼ਨ, ਉਪ ਪ੍ਰਧਾਨ ਰਵੀ ਵਾਰਾਨਸੀ ਤੇ ਹੋਰਾਂ ਨੇ ਐੱਨਐੱਸਈ ਤੇ ਇਸ ਦੇ ਮੁਲਾਜ਼ਮਾਂ ਨਾਲ ਧੋਖਾਧੜੀ ਕਰਨ ਲਈ ਸਾਜਿਸ਼ ਰਚੀ। -ਪੀਟੀਆਈ