ਕੋਹਿਮਾ, 12 ਅਗਸਤ
ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲਿਮ-ਇਸਾਕ ਮੁਈਵਾਹ (ਐੱਨਐੱਸਸੀਐੱਨ-ਆਈਐੱਮ) ਨੇ ਕਿਹਾ ਕਿ ਉਸ ਵੱਲੋਂ ਕੇਂਦਰ ਸਰਕਾਰ ਨਾਲ 25 ਸਾਲ ਪਹਿਲਾਂ ਕੀਤਾ ਗਿਆ ਸਮਝੌਤਾ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਹਾਲਾਂਕਿ, ਸਥਾਈ ਸ਼ਾਂਤੀ ਸਬੰਧੀ ਸਮਝੌਤੇ ਲਈ ਗੱਲਬਾਤ ਜਾਰੀ ਹੈ। ਐੱਨਐੱਸਸੀਐੱਨ-ਆਈਐੱਮ ਵੱਲੋਂ ਗੋਲੀਬੰਦੀ ਦੇ ਸਮਝੌਤੇ ਦੇ 25 ਸਾਲ ਪੂਰੇ ਹੋਣ ’ਤੇ ਇਕ ਕਿਤਾਬਚਾ ਜਾਰੀ ਕੀਤਾ ਗਿਆ। ਜਥੇਬੰਦੀ ਨੇ ਕਿਹਾ ਕਿ ਆਪਸੀ ਸਮਝ ਨਾਲ ਇਕ ਸਿਆਸੀ ਗੱਲਬਾਤ ਹੀ ਦੋਸਤਾਨਾ ਨਤੀਜੇ ਦੀ ਚਾਬੀ ਹੈ ਅਤੇ ਸਾਰਿਆਂ ਦੇ ਹਿੱਤ ਵਿੱਚ ਹੈ। ਐੱਨਐੱਸਸੀਐੱਨ ਦੇ ਗੋਲੀਬੰਦੀ ਨਿਗਰਾਨ ਸੈੱਲ ਨੇ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਜਥੇਬੰਦੀ ਗੋਲੀਬੰਦੀ ਦੇ ਸਮਝੌਤੇ ਅਨੁਸਾਰ ਜ਼ਮੀਨੀ ਪੱਧਰ ਦੇ ਨੇਮਾਂ ਨੂੰ ਕਾਇਮ ਰੱਖੇ ਅਤੇ ਇਕ ਤਰਕਸੰਗਤ ਹੱਲ ਲਈ ਸਿਆਸੀ ਗੱਲਬਾਤ ਦਾ ਸਮਰਥਨ ਕਰੇ। ਇਹ ਸਮਝੌਤਾ 80 ਗੇੜ ਦੀ ਗੱਲਬਾਤ ਤੋਂ ਬਾਅਦ ਹੋਇਆ ਸੀ। ਇਸ ਸਬੰਧੀ ਗੱਲਬਾਤ ਨੂੰ ਪਹਿਲੀ ਸਫਲਤਾ 1997 ਵਿੱਚ ਮਿਲੀ ਸੀ ਜਦੋਂ 1947 ਵਿੱਚ ਭਾਰਤ ਨੂੰ ਮਿਲੀ ਆਜ਼ਾਦੀ ਦੇ ਬਾਅਦ ਤੋਂ ਨਾਗਾਲੈਂਡ ਵਿੱਚ ਸ਼ੁਰੂ ਹੋਈ ਬਗਾਵਤ ਨੂੰ ਠੱਲ੍ਹ ਪਾਉਣ ਲਈ ਗੋਲੀਬੰਦੀ ਦੇ ਸਮਝੌਤੇ ’ਤੇ ਮੋਹਰ ਲੱਗੀ ਸੀ। ਹਾਲਾਂਕਿ, ਸਮੱਸਿਆ ਦਾ ਪੱਕਾ ਹੱਲ ਹੋਣਾ ਅਜੇ ਬਾਕੀ ਹੈ। ਇਸੇ ਸਾਲ ਅਪਰੈਲ ਮਹੀਨੇ ਵਿੱਚ ਕੇਂਦਰ ਨੇ ਹੋਰ ਨਾਗਾ ਜਥੇਬੰਦੀਆਂ ਨਾਲ ਹੋਏ ਸਮਝੌਤੇ ਦੀ ਮਿਆਦ ਇਕ ਸਾਲ ਹੋਰ ਵਧਾਈ ਸੀ। -ਪੀਟੀਆਈ