ਦੇਹਰਾਦੂਨ, 21 ਮਾਰਚ
ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ‘ਫਟੀ ਜੀਨਜ਼’ ਨੂੰ ਲੈ ਕੇ ਕੀਤੀਆਂ ਵਿਵਾਦਿਤ ਟਿੱਪਣੀਆਂ ਲਈ ਨੌਜਵਾਨਾਂ ’ਚ ਰੋਹ ਅਜੇ ਮੱਠਾ ਨਹੀਂ ਪਿਆ ਸੀ ਕਿ ਉਨ੍ਹਾਂ ਇਕ ਹੋਰ ਵਿਵਾਦਿਤ ਬਿਆਨ ਦਿੱਤਾ ਹੈ। ਤ੍ਰਿਵੇਂਦਰ ਸਿੰਘ ਰਾਵਤ ਦੀ ਥਾਂ ਅਜੇ ਪਿਛਲੇ ਦਿਨੀਂ ਪਹਾੜੀ ਰਾਜ ਦੀ ਕਮਾਨ ਆਪਣੇ ਹੱਥਾਂ ’ਚ ਲੈਣ ਵਾਲੇ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਕੋਵਿਡ-19 ਦੌਰਾਨ ਵੱਧ ਰਾਸ਼ਨ ਪਾਉਣ ਲਈ ਲੋਕ ਦੋ ਬੱਚਿਆਂ ਦੀ ਥਾਂ ਵੱਧ ਬੱਚੇ ਪੈਦਾ ਕਰਦੇ ਨੇ। ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੀ ਮਾਰ ਝੱਲਣ ਵਾਲੇ ਪਰਿਵਾਰਾਂ ਨੂੰ ਪ੍ਰਤੀ ਬੱਚੇ ਦੇ ਹਿਸਾਬ ਨਾਲ ਪੰਜ ਕਿਲੋ ਰਾਸ਼ਨ ਦਿੱਤਾ ਗਿਆ ਤੇ ਜਿਸ ਕੋਲ 20 ਬੱਚੇ ਸੀ, ਉਸ ਦੇ ਹਿੱਸੇ ਇਕ ਕੁਇੰਟਲ ਤੇ ਜਿਸ ਦੇ ਦੋ ਸਨ ਉਸ ਨੂੰ 10 ਕਿਲੋ ਰਾਸ਼ਨ ਮਿਲਿਆ। ਉਨ੍ਹਾਂ ਕਿਹਾ ਕਿ ਇੰਨਾ ਵਧੀਆ ਚੌਲ ਪਹਿਲਾਂ ਕਦੇ ਨਹੀਂ ਖਾਧਾ ਸੀ ਤੇ ਲੋਕਾਂ ਨੂੰ ਜਲਣ ਹੋਣ ਲੱਗੀ ਕਿ ਦੋ ਹੈ ਤੋਂ 10 ਕਿਲੋ ਤੇ 20 ਵਾਲੇ ਨੂੰ ਇਕ ਕੁਇੰਟਲ ਮਿਲਿਆ। -ਪੀਟੀਆਈ