ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਨਵੰਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਅੱਜ ਨਿਸ਼ਾਨੇ ’ਤੇ ਲਿਆ ਹੈ। ਦੋ ਕੁ ਦਿਨ ਪਹਿਲਾਂ ਹੀ ਹਰੀਸ਼ ਚੌਧਰੀ ਨੇ ਸੰਸਦ ਮੈਂਬਰ ਅਤੇ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਨੂੰ ਨੋਟਿਸ ਜਾਰੀ ਕੀਤਾ ਹੈ। ਕੈਪਟਨ ਨੇ ਕਿਹਾ ਕਿ ਰਾਜਸਥਾਨ ਵਿਚ ਹਰੀਸ਼ ਚੌਧਰੀ ਨੂੰ ਕਤਲ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਹੋਣ ਕਰਕੇ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਹੈ ਪਰ ਹੁਣ ਇਹ ਨੇਤਾ ਪੰਜਾਬ ਵਿਚ ਮੁੱਖ ਮੰਤਰੀ ਦੀ ਤਾਕਤ ਅਤੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਧਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਰਬੜ ਸਟੈਂਪ ਸਮਝ ਕੇ ਹਦਾਇਤਾਂ ਦੇ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਰੀਸ਼ ਚੌਧਰੀ ਦਾ ਕੈਬਨਿਟ ਮੀਟਿੰਗਾਂ ਅਤੇ ਅਧਿਕਾਰੀਆਂ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋੋਣਾ ਗੈਰਸੰਵਿਧਾਨਕ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਚੌਧਰੀ ਇੱਕ ਮੰਤਰੀ ਦੇ ਬੰਗਲੇ ਵਿਚ ਰਹਿ ਰਿਹਾ ਹੈ ਅਤੇ ਪੰਜਾਬ ਭਵਨ ਵਿਚ ਬੈਠ ਕੇ ਮੁੱਖ ਮੰਤਰੀ, ਵਜ਼ੀਰਾਂ ਅਤੇ ਹੋਰਾਂ ਨੂੰ ਹੁਕਮ ਜਾਰੀ ਕਰ ਰਿਹਾ ਹੈ। ਉਨ੍ਹਾਂ ਸੁਆਲ ਉਠਾਏ ਹਨ ਕਿ ਹਰੀਸ਼ ਚੌਧਰੀ ਦੇ ਖ਼ਰਚਿਆਂ ਦਾ ਭੁਗਤਾਨ ਕੌਣ ਕਰ ਰਿਹਾ ਹੈ। ਚੇਤੇ ਰਹੇ ਕਿ ਹਰੀਸ਼ ਚੌਧਰੀ ਨੇ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਭਾਜਪਾ ਨਾਲ ਰਲੇ ਹੋਣ ਦੇ ਇਲਜ਼ਾਮ ਲਗਾਏ ਸਨ। ਕੈਪਟਨ ਨੇ ਸਫਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਜੇਕਰ ਉਹ ਪ੍ਰਧਾਨ ਮੰਤਰੀ ਜਾਂ ਭਾਜਪਾ ਨਾਲ ਕੋਈ ਸਾਂਝੇਦਾਰੀ ਰੱਖਦੇ ਤਾਂ ਉਨ੍ਹਾਂ ਕਿਸਾਨ ਅੰਦੋਲਨ ਦੀ ਹਮਾਇਤ ਨਹੀਂ ਕਰਨੀ ਸੀ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਪਹਿਲਾਂ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਨੂੰ ਮਿਲੇ ਸਨ। ਕੈਪਟਨ ਨੇ ਇਹ ਵੀ ਕਿਹਾ ਕਿ ਹਰੀਸ਼ ਚੌਧਰੀ ਨੇ ਪੰਜਾਬ ਵਿਚ ਪੱਕਾ ਟਿਕਾਣਾ ਬਣਾ ਲਿਆ ਹੈ ਜਦੋਂ ਕਿ ਇੰਚਾਰਜ ਨੂੰ ਸੂਬੇ ਵਿਚ ਪੱਕੇ ਤੌਰ ’ਤੇ ਰਹਿਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਕਿਉਂਕਿ ਉਸ ਨੇ ਤਾਂ ਆਪਸੀ ਤਾਲਮੇਲ ਅਤੇ ਪਾਰਟੀ ਹਾਈਕਮਾਨ ਨੂੰ ਫੀਡ ਬੈਕ ਹੀ ਦੇਣੀ ਹੁੰਦੀ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ 14 ਇੰਚਾਰਜਾਂ ਨਾਲ ਕੰਮ ਕੀਤਾ ਹੈ ਪਰ ਕਿਸੇ ਨੇ ਪੱਕਾ ਟਿਕਾਣਾ ਬਣਾਉਣਾ ਤਾਂ ਦੂਰ ਦੀ ਗੱਲ, ਪੰਜਾਬ ਵਿਚ ਕਦੇ ਬਹੁਤਾ ਦਖ਼ਲ ਵੀ ਨਹੀਂ ਦਿੱਤਾ ਸੀ।