ਨਵੀਂ ਦਿੱਲੀ, 20 ਜੂਨ
ਮੁੱਖ ਅੰਸ਼
- ਜੁਲਾਈ ਤੋਂ ਸੈਨਾ ਦੀ ਭਰਤੀ ਵੈਬਸਾਈਟ ’ਤੇ ਰਜਿਸਟਰੇਸ਼ਨ ਹੋਵੇਗੀ ਸ਼ੁਰੂ
- ਨਵੀਂ ਯੋਜਨਾ ਤਹਿਤ ਭਰਤੀ ਹੋਣ ਵਾਲੇ ਅਗਨੀਵੀਰਾਂ ਲਈ ਹੋਵੇਗਾ ਵੱਖਰਾ ਰੈਂਕ
ਸੈਨਾ ਨੇ ਅੱਜ ਅਗਨੀਪਥ ਯੋਜਨਾ ਤਹਿਤ ਫੌਜੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੈਨਾ ਨੇ ਕਿਹਾ ਕਿ ਨਵੇਂ ਮਾਡਲ ਤਹਿਤ ਨੌਕਰੀ ਦੇ ਇੱਛੁਕ ਸਾਰੇ ਉਮੀਦਵਾਰਾਂ ਲਈ ਸੈਨਾ ਦੀ ਭਰਤੀ ਵੈਬਸਾਈਟ ’ਤੇ ਆਨਲਾਈਨ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ ਜੋ ਜੁਲਾਈ ਤੋਂ ਸ਼ੁਰੂ ਹੋਵੇਗੀ। ਸੈਨਾ ਨੇ ਕਿਹਾ ਕਿ ‘ਅਗਨੀਵੀਰ’ ਭਾਰਤੀ ਸੈਨਾ ’ਚ ਇੱਕ ਵੱਖਰਾ ਰੈਂਕ ਹੋਵੇਗਾ ਜੋ ਕਿਸੇ ਵੀ ਹੋਰ ਮੌਜੂਦਾ ਰੈਂਕ ਤੋਂ ਵੱਖ ਹੋਵੇਗਾ।
ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਸੈਨਾ ਨੇ ਕਿਹਾ ਕਿ ‘ਅਗਨੀਵੀਰ’ ਲਈ ਸਰਕਾਰੀ ਸੀਕਰੇਟਸ ਐਕਟ, 1923 ਤਹਿਤ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਜਾਂ ਸਰੋਤ ਨੂੰ ਚਾਰ ਸਾਲ ਦੇ ਸੇਵਾ ਕਾਲ ਦੌਰਾਨ ਹਾਸਲ ਵਿਸ਼ੇਸ਼ ਜਾਣਕਾਰੀ ਦਾ ਖੁਲਾਸਾ ਕਰਨ ’ਤੇ ਰੋਕ ਰਹੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਯੋਜਨਾ ਸ਼ੁਰੂ ਹੋਣ ਨਾਲ ਮੈਡੀਕਲ ਬਰਾਂਚ ਦੇ ਤਕਨੀਕੀ ਕਾਡਰ ਨੂੰ ਛੱਡ ਕੇ ਭਾਰਤੀ ਸੈਨਾ ਦੇ ਰੈਗੂਲਰ ਕਾਡਰ ’ਚ ਸੈਨਿਕਾਂ ਦੀ ਭਰਤੀ ਸਿਰਫ਼ ਉਨ੍ਹਾਂ ਕਰਮੀਆਂ ਲਈ ਮੁਹੱਈਆ ਹੋਵੇਗੀ ਜਿਨ੍ਹਾਂ ਨੇ ਅਗਨੀਵੀਰ ਵਜੋਂ ਆਪਣੀ ਸੇਵਾ ਦਾ ਕਾਰਜਕਾਲ ਪੂਰਾ ਕਰ ਲਿਆ ਹੈ। ਸੈਨਾ ਨੇ ਕਿਹਾ ਕਿ ਸੇਵਾ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਪਹਿਲਾਂ ਕਿਸੇ ਵੀ ਅਗਨੀਵੀਰ ਨੂੰ ਸੇਵਾਮੁਕਤੀ ਦੀ ਇਜਾਜ਼ਤ ਨਹੀਂ ਹੈ। ਸੈਨਾ ਨੇ ਕਿਹਾ, ‘ਹਾਲਾਂਕਿ ਸਭ ਤੋਂ ਗੰਭੀਰ ਮਾਮਲਿਆਂ ’ਚ ਜੇਕਰ ਸਮਰੱਥ ਅਥਾਰਿਟੀ ਮਨਜ਼ੂਰੀ ਦਿੰਦੀ ਹੈ ਤਾਂ ਇਸ ਯੋਜਨਾ ਤਹਿਤ ਭਰਤੀ ਕਰਮੀਆਂ ਨੂੰ ਸੇਵਾਮੁਕਤ ਕੀਤਾ ਜਾ ਸਕਦਾ ਹੈ।’ ਜ਼ਿਕਰਯੋਗ ਹੈ ਕਿ 14 ਜੂਨ ਨੂੰ ਐਲਾਨੀ ਗਈ ਅਗਨੀਪਥ ਯੋਜਨਾ ਤਹਿਤ 17 ਤੋਂ 21 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲ ਲਈ ਭਰਤੀ ਕਰਨ ਦੀ ਤਜਵੀਜ਼ ਹੈ, ਜਿਨ੍ਹਾਂ ’ਚੋਂ 25 ਫੀਸਦ ਨੂੰ 15 ਹੋਰ ਸਾਲ ਤੱਕ ਸੇਵਾ ’ਚ ਬਣਾਏ ਰੱਖਣ ਦੀ ਤਜਵੀਜ਼ ਹੈ। ਬਾਅਦ ਵਿੱਚ ਸਰਕਾਰ ਨੇ 2022 ਦੀ ਭਰਤੀ ਲਈ ਉਮਰ ਹੱਦ ਵਧਾ ਕੇ 23 ਸਾਲ ਕਰ ਦਿੱਤੀ ਸੀ। ਨੋਟੀਫਿਕੇਸ਼ਨ ਅਨੁਸਾਰ ਅਗਨੀਵੀਰਾਂ ਨੂੰ ਆਪਣੇ ਕਾਰਜਕਾਲ ਦੌਰਾਨ ਆਪਣੀ ਵਰਦੀ ’ਤੇ ਇੱਕ ਵਿਸ਼ੇਸ਼ ਪ੍ਰਤੀਕ ਚਿੰਨ੍ਹ ਲਾਉਣਾ ਪਵੇਗਾ ਅਤੇ ਇਸ ਬਾਰੇ ਵਿਸਥਾਰਤ ਨਿਰਦੇਸ਼ ਵੱਖਰੇ ਤੌਰ ’ਤੇ ਜਾਰੀ ਕੀਤੇ ਜਾਣਗੇ। ਅਗਨੀਵੀਰਾਂ ਦੇ ਹਰੇਕ ਬੈਚ ’ਚੋਂ 25 ਫੀਸਦ ਤੋਂ ਵੱਧ ਨੂੰ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਰੈਗੂਲਰ ਕਾਡਰ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਅਗਨੀਵੀਰਾਂ ਨੂੰ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਮੁੜ ਚੁਣੇ ਜਾਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਅਗਨੀਵੀਰਾਂ ਨੂੰ ਰੈਗੂਲਰ ਸੇਵਾ ਕਰਨ ਵਾਲਿਆਂ ਲਈ 90 ਦਿਨ ਦੀ ਛੁੱਟੀ ਮੁਕਾਬਲੇ ਸਾਲ ’ਚ 30 ਦਿਨ ਦੀ ਛੁੱਟੀ ਮਿਲੇਗੀ। ਮੈਡੀਕਲ ਸਲਾਹ ਦੇ ਆਧਾਰ ’ਤੇ ਮੈਡੀਕਲ ਛੁੱਟੀ ਦਿੱਤੀ ਜਾਵੇਗੀ। -ਪੀਟੀਆਈ
ਅਗਨੀਪਥ ਖ਼ਿਲਾਫ਼ ਮੁਜ਼ਾਹਰਿਆਂ ਕਾਰਨ 529 ਰੇਲ ਗੱਡੀਆਂ ਰੱਦ
ਨਵੀਂ ਦਿੱਲੀ: ਅਗਨੀਪਥ ਰੱਖਿਆ ਭਰਤੀ ਯੋਜਨਾ ਖ਼ਿਲਾਫ਼ ਰੋਸ ਮੁਜ਼ਾਹਰਿਆਂ ਕਾਰਨ ਅੱਜ ਰੇਲਵੇ ਵੱਲੋਂ 500 ਤੋਂ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ ਜਿਸ ਕਾਰਨ ਰੇਲ ਆਵਾਜਾਈ ’ਚ ਮੁੜ ਤੋਂ ਅੜਿੱਕਾ ਪਿਆ। ਰੇਲਵੇ ਨੇ ਇੱਕ ਬਿਆਨ ’ਚ ਕਿਹਾ ਕਿ 539 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। 529 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਜਿਨ੍ਹਾਂ ’ਚ 181 ਮੇਲ/ਐਕਸਪ੍ਰੈੱਸ ਅਤੇ 348 ਮੁਸਾਫਰ ਗੱਡੀਆਂ ਸ਼ਾਮਲ ਹਨ। ਰੇਲਵੇ ਨੇ 4 ਮੇਲ/ਐਕਸਪ੍ਰੈੱਸ ਰੇਲ ਗੱਡੀਆਂ ਅੰਸ਼ਿਕ ਤੌਰ ’ਤੇ ਵੀ ਰੱਦ ਕੀਤੀਆਂ ਹਨ। ਪਿਛਲੇ ਕੁਝ ਦਿਨਾਂ ਦੌਰਾਨ ਵੀ ਕਾਫੀ ਗੱਡੀਆਂ ਰੱਦ ਹੋਈਆਂ ਹਨ। ਇਸ ਤੋਂ ਇਲਾਵਾ ਮੁਜ਼ਾਹਰਾਕਾਰੀਆਂ ਨੇ ਰੇਲਵੇ ਦੀ ਕਰੋੜਾਂ ਦੀ ਸੰਪਤੀ ਦਾ ਨੁਕਸਾਨ ਵੀ ਕੀਤਾ ਹੈ। ਇਸ ਦੌਰਾਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ
ਭਾਰਤ ਬੰਦ: ਦਿੱਲੀ-ਐੱਨਸੀਆਰ ਦੀਆਂ ਸੜਕਾਂ ਜਾਮ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ‘ਭਾਰਤ ਬੰਦ’ ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਸੜਕਾਂ ’ਤੇ ਜਾਮ ਲੱਗਾ ਰਿਹਾ ਤੇ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਦਿੱਲੀ ਦੀਆਂ ਅਹਿਮ ਹੱਦਾਂ ਤੇ ਕੇਂਦਰੀ ਦਿੱਲੀ ਤੱਕ ਜਾਮ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ‘ਭਾਰਤ ਬੰਦ’ ਦਾ ਸੱਦਾ ਕਾਂਗਰਸ ਨੇ ਕੇਂਦਰ ਸਰਕਾਰ ਦੀ ‘ਅਗਨੀਪਥ’ ਯੋਜਨਾ ਤੇ ਈਡੀ ਵੱਲੋਂ ਰਾਹੁਲ ਗਾਂਧੀ ਨੂੰ ਵਾਰ-ਵਾਰ ਤਲਬ ਕੀਤੇ ਜਾਣ ਖ਼ਿਲਾਫ਼ ਦਿੱਤਾ ਸੀ। ਪਾਰਟੀ ਨੇ ਇਸ ਨੂੰ ਬਦਲਾਖੋਰੀ ਦੀ ਸਿਆਸਤ ਕਰਾਰ ਦਿੱਤਾ ਸੀ। ਬੰਦ ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲੀਸ ਵੱਲੋਂ ਥਾਂ-ਥਾਂ ਬੈਰੀਕੇਡ ਲਾ ਕੇ ਸੁਰੱਖਿਆ ਬੰਦੋਬਸਤ ਮਜ਼ਬੂਤ ਕੀਤੇ ਗਏ ਸਨ। ਦਿੱਲੀ ਦੀਆਂ ਹੱਦਾਂ ਉਤੇ ਅੱਜ ਗੁਰੂਗ੍ਰਾਮ, ਫਰੀਦਾਬਾਦ ਤੇ ਨੋਇਡਾ ਤੋਂ ਦਿੱਲੀ ਆਉਣ ਵਾਲਿਆਂ ਨੂੰ ਦਿੱਲੀ ਪੁਲੀਸ ਦੀ ਜਾਂਚ-ਪੜਤਾਲ ਦਾ ਸ਼ਿਕਾਰ ਹੋਣਾ ਪਿਆ ਜਿਸ ਕਰਕੇ ਇੱਥੇ ਟਰੈਫਿਕ ਬੇਹੱਦ ਹੌਲੀ ਰਫ਼ਤਾਰ ਨਾਲ ਤੁਰਿਆ ਤੇ ਜਾਮ ਵਿਚ ਫਸਣ ਵਾਲੇ ਆਪਣੀਆਂ ਮੰਜ਼ਲਾਂ ਉਤੇ ਦੇਰੀ ਨਾਲ ਪਹੁੰਚੇ। ਦਿੱਲੀ-ਗੁਰੂਗ੍ਰਾਮ ਮਾਰਗ ਉਪਰ ਗੱਡੀਆਂ ਦੀ ਲੰਮੀ ਕਤਾਰ ਲੱਗ ਗਈ ਤੇ ਲੋਕ ਜਾਮ ਵਿੱਚ ਕਈ ਘੰਟੇ ਫਸੇ ਰਹੇ। ਇਸੇ ਤਰ੍ਹਾਂ ਫਰੀਦਾਬਾਦ ਦੇ ਸੂਰਜਕੁੰਡ ਵਾਲੇ ਰਾਹ ਅਤੇ ਕੌਮੀ ਮਾਰਗ ਨੰਬਰ-2 ਉਪਰ ਬਦਰਪੁਰ ਬਾਰਡਰ ਉਤੇ ਵੀ ਪੁਲੀਸ ਜਾਂਚ ਦਾ ਅਸਰ ਟਰੈਫਿਕ ਉਪਰ ਪਿਆ। ਉੱਤਰ ਪ੍ਰਦੇਸ਼ ਤੋਂ ਦਿੱਲੀ ਆਉਣ ਵਾਲਿਆਂ ਨੂੰ ਅਕਸ਼ਰਧਾਮ ਮੰਦਰ ਕੋਲ ਆਵਾਜਾਈ ਦੀ ਸੁਸਤ ਰਫ਼ਤਾਰ ਦਾ ਸਾਹਮਣਾ ਕਰਨਾ ਪਿਆ। ਸਿਰਹੌਲ ਬਾਰਡਰ ਉਪਰ ਵੀ ਇਹੀ ਹਾਲ ਰਿਹਾ। ਗਾਜ਼ੀਪੁਰ ਬਾਰਡਰ ਉਪਰ ਵੀ ਇਹੀ ਹਾਲ ਰਿਹਾ ਤੇ ਦਿੱਲੀ ਗੇਟ ਉਤੇ ਗੱਡੀਆਂ ਦੀ ਲੰਮੀ ਕਤਾਰ ਲੱਗੀ। ਇਨ੍ਹਾਂ ਸਾਰੀਆਂ ਥਾਵਾਂ ਉਤੇ ਦਿੱਲੀ ਪੁਲੀਸ ਵੱਲੋਂ ਗੱਡੀਆਂ ਦੀ ਜਾਂਚ ਪੜਤਾਲ ਕਰਨ ਮਗਰੋਂ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਸੀ ਜਿਸ ਕਰਕੇ ਬੈਰੀਕੇਡਾਂ ਉਪਰ ਲੰਬੀਆਂ ਕਤਾਰਾਂ ਲੱਗ ਗਈਆਂ। ਦਿੱਲੀ ਦੇ ਅੰਦਰ ਵੀ ਲੋਕ ਟਰੈਫਿਕ ਜਾਮ ਵਿੱਚ ਫਸੇ ਰਹੇ ਕਿਉਂਕਿ ਕਾਂਗਰਸ ਵੱਲੋਂ ਅਗਨੀਪਥ ਭਰਤੀ ਯੋਜਨਾ ਤੇ ਪਾਰਟੀ ਆਗੂ ਰਾਹੁਲ ਗਾਂਧੀ ਤੋਂ ਈਡੀ ਵੱਲੋਂ ਲਗਾਤਾਰ ਪੁੱਛ-ਪੜਤਾਲ ਕਰਨ ਦਾ ਵਿਰੋਧ ਕੀਤਾ ਗਿਆ। ਜੰਤਰ-ਮੰਤਰ ਉਤੇ ‘ਸੱਤਿਆਗ੍ਰਹਿ’ ਦਾ ਅੱਜ ਦੂਜਾ ਦਿਨ ਸੀ ਤੇ ਕਾਂਗਰਸੀਆਂ ਵੱਲੋਂ ਕੇਂਦਰੀ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਭਾਰਤ ਬੰਦ ਦੇ ਸੱਦੇ ਦਾ ਅਸਰ ਦਿੱਲੀ ਦੇ ਬਾਜ਼ਾਰਾਂ ਉਪਰ ਜ਼ਿਆਦਾ ਨਹੀਂ ਪਿਆ ਤੇ ਅਹਿਮ ਬਾਜ਼ਾਰ ਜਿਵੇਂ ਸਰੋਜਨੀ ਨਗਰ, ਲਾਜਪਤ ਨਗਰ, ਕਰੋਲ ਬਾਗ਼, ਕਨਾਟ ਪਲੇਸ ਦਾ ਪਾਲਿਕਾ ਬਾਜ਼ਾਰ ਤੇ ਚਾਂਦਨੀ ਚੌਕ ਸਮੇਤ ਪੁਰਾਣੀ ਦਿੱਲੀ ਦੇ ਬਾਜ਼ਾਰ ਖੁੱਲ੍ਹੇ ਰਹੇ।
ਅਗਨੀਪਥ ਖ਼ਿਲਾਫ਼ ਹਰਿਆਣਾ ’ਚ ਨੌਜਵਾਨਾਂ ਵੱਲੋਂ ਸੜਕਾਂ ਜਾਮ
ਚੰਡੀਗੜ੍ਹ (ਟਨਸ): ਹਰਿਆਣਾ ਵਿੱਚ ਅੱਜ ‘ਅਗਨੀਪਥ’ ਯੋਜਨਾ ਖ਼ਿਲਾਫ਼ ਦਿੱਤਾ ‘ਭਾਰਤ ਬੰਦ’ ਦਾ ਸੱਦਾ ਲਗਭਗ ਬੇਅਸਰ ਰਿਹਾ ਪਰ ਨੌਜਵਾਨਾਂ ਨੇ ਸੂਬੇ ਦੀਆਂ ਮੁੱਖ ਸੜਕਾਂ ਜਾਮ ਕਰ ਦਿੱਤੀਆਂ। ਇਸ ਨਾਲ ਸੂਬੇ ਭਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਵੀ ਪ੍ਰਦਰਸ਼ਨਕਾਰੀ ਨੌਜਵਾਨਾਂ ਦੀ ਹਮਾਇਤ ਕੀਤੀ ਹੈ। ਕਿਸਾਨਾਂ ਨੇ ਦੁਪਹਿਰੇ 12 ਤੋਂ 3 ਵਜੇ ਤੱਕ ਸੂਬੇ ਦੇ ਸਾਰੇ ਟੌਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰਵਾ ਦਿੱਤਾ। ਹਰਿਆਣਾ ਦੇ ਪਲਵਲ, ਫਰੀਦਾਬਾਦ, ਰੋਹਤਕ, ਹਿਸਾਰ, ਅੰਬਾਲਾ, ਪਾਣੀਪਤ, ਸੋਨੀਪਤ, ਸਿਰਸਾ, ਜੀਂਦ ਸਣੇ ਸੂਬੇ ਭਰ ਵਿੱਚ ਨੌਜਵਾਨਾਂ ਨੇ ਅਗਨੀਪਥ ਯੋਜਨਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਹਨ। ਪਲਵਲ ਦੇ ਆਗਰਾ ਚੌਕ ’ਤੇ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਹਿੰਸਕ ਝੜਪ ਹੋ ਗਈ। ਪੁਲੀਸ ਦੀ ਕਾਰਵਾਈ ਤੋਂ ਗੁੱਸੇ ’ਚ ਆਏ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਪੱਥਰਬਾਜ਼ੀ ਕੀਤੀ। ਇਸ ਪਥਰਾਅ ਦੌਰਾਨ ਪੁਲੀਸ ਦੇ ਕਈ ਵਾਹਨਾਂ ਦਾ ਨੁਕਸਾਨ ਹੋ ਗਿਆ ਹੈ। ਪਲਵਲ ਜ਼ਿਲ੍ਹੇ ਵਿੱਚ ਹੋਈ ਹਿੰਸਾ ’ਤੇ ਪੁਲੀਸ ਨੇ ਇਕ ਹਜ਼ਾਰ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। 80 ਨੌਜਵਾਨਾਂ ਦੀ ਸ਼ਨਾਖਤ ਕੀਤੀ ਗਈ ਹੈ ਤੇ ਜਦਕਿ 950 ਦੇ ਕਰੀਬ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਅੱਜ ਸੂਬੇ ਭਰ ਦੇ ਟੌਲ ਪਲਾਜ਼ਿਆਂ ’ਤੇ ਰੋਸ ਪ੍ਰਦਰਸ਼ਨ ਕੀਤੇ। ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਰੱਖਿਆ ਕਰਨ ਵਾਲੀ ਫੌਜ ਨੂੰ ਵੀ ਠੇਕੇ ’ਤੇ ਦੇਣ ਦਾ ਕੰਮ ਕਰ ਰਹੀ ਹੈ, ਜਿੱਥੇ 4 ਸਾਲਾਂ ਬਾਅਦ 25 ਫ਼ੀਸਦ ਨੌਜਵਾਨਾਂ ਨੂੰ ਹੀ ਅੱਗੇ ਰੱਖਿਆ ਜਾਵੇਗਾ। ਇਸ ਵਿੱਚੋਂ 75 ਫ਼ੀਸਦ ਨੌਜਵਾਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਫੌਜੀ ਨੂੰ ਤਿਆਰ ਕਰਨ ਵਿਚ ਹੀ ਤਿੰਨ ਤੋਂ ਚਾਰ ਸਾਲਾਂ ਤੱਕ ਦਾ ਸਮਾਂ ਲੱਗ ਜਾਂਦਾ ਹੈ, ਕੇਂਦਰ ਸਰਕਾਰ ਅਜਿਹਾ ਫ਼ੈਸਲਾ ਕਿਵੇਂ ਲੈ ਸਕਦੀ ਹੈ।
ਕਿਸਾਨ ਆਗੂ ਚੜੂਨੀ ਵੱਲੋਂ ਅਗਨੀਪਥ ਯੋਜਨਾ ਖ਼ਿਲਾਫ਼ ਲਾਮਬੰਦੀ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅਗਨੀਪਥ ਯੋਜਨਾ ਵਿਰੁੱਧ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਖਿੱਚ ਲਈ ਹੈ। ਇਸ ਲਈ ਚੜੂਨੀ ਨੇ ਬੁੱਧਵਾਰ ਸਵੇਰੇ ਸਾਂਪਲਾ ਵਿਚ ਉੱਤਰ ਭਾਰਤ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।