ਨਵੀਂ ਦਿੱਲੀ/ਚੰਡੀਗੜ੍ਹ/ਹੈਦਰਾਬਾਦ/ਕੋਚੀ, 21 ਸਤੰਬਰ
ਮੁੱਖ ਅੰਸ਼
- ਮਿਸਤਰੀ ਨੂੰ ਮਿਲੇ ਥਰੂਰ; ਪਾਰਟੀ ਦੀ ਪੰਜਾਬ ਇਕਾਈ ਵੱਲੋਂ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਲਈ ਮਤਾ ਪਾਸ
ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਵੱਲੋਂ ਪਾਰਟੀ ਪ੍ਰਧਾਨ ਦੀ ਚੋਣ ਲਈ ਭਲਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਭਰਨ ਦਾ ਅਮਲ 24 ਸਤੰਬਰ ਤੋਂ ਸ਼ੁਰੂ ਹੋੋਵੇਗਾ, ਜੋ 30 ਸਤੰਬਰ ਤੱਕ ਚੱਲੇਗਾ। ਚੋਣ ਅਗਲੇ ਮਹੀਨੇ 17 ਅਕਤੂਬਰ ਨੂੰ ਹੋਵੇਗੀ, ਜਦੋਂਕਿ ਨਤੀਜਿਆਂ ਦਾ ਐਲਾਨ 19 ਅਕਤੂੁਬਰ ਨੂੰ ਹੋਵੇਗਾ। ਮੁੱਖ ਮੁਕਾਬਲਾ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਚਾਲੇ ਹੋਣ ਦੇ ਆਸਾਰ ਹਨ। ਇਸ ਦੌਰਾਨ ਗਹਿਲੋਤ ਨੇ ਅੱਜ ਸਪਸ਼ਟ ਇਸ਼ਾਰਾ ਕੀਤਾ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਭਰਨਗੇ। ਗਹਿਲੋਤ ਅੱਜ ਸੋਨੀਆ ਗਾਂਧੀ ਨੂੰ ਵੀ ਮਿਲੇ। ਉਧਰ ਸ਼ਸ਼ੀ ਥਰੂਰ ਨੇ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨਾਲ ਮੁਲਾਕਾਤ ਕਰਕੇ ਨਾਮਜ਼ਦਗੀ ਨਾਲ ਜੁੜੀਆਂ ਰਸਮਾਂ ਬਾਰੇ ਚਰਚਾ ਕੀਤੀ। ਇਸ ਦੌਰਾਨ ਕਾਂਗਰਸ ਦੀ ਪੰਜਾਬ ਤੇ ਤਿਲੰਗਾਨਾ ਇਕਾਈਆਂ ਨੇ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਮੰਗ ਕਰਦੇ ਮਤੇ ਪਾਸ ਕੀਤੇ ਹਨ। ਹੁਣ ਤੱਕ ਦਰਜਨ ਦੇ ਕਰੀਬ ਪ੍ਰਦੇਸ਼ ਕਾਂਗਰਸ ਕਮੇਟੀਆਂ (ਪੀਸੀਸੀ) ਗਾਂਧੀ ਦੀ ਹਮਾਇਤ ’ਚ ਨਿੱਤਰੀਆਂ ਹਨ। ਉਧਰ ਕੋਚੀ ਵਿੱਚ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੀ ਚੋਣ ਲੜਨ ਲਈ ਕਿਸੇ ਨੂੰ ਵੀ ਸੋਨੀਆ ਗਾਂਧੀ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਲਈ ਜੈਪੁਰ ਤੋਂ ਦਿੱਲੀ ਪੁੱਜੇ ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਵਾਲੇ ਫ਼ੈਸਲੇ ਲੈਣਗੇ। ਉਨ੍ਹਾਂ ਕਿਹਾ, ‘‘ਪਾਰਟੀ ਤੇ ਹਾਈ ਕਮਾਨ ਨੇ ਮੈਨੂੰ ਸਭ ਕੁਝ ਦਿੱਤਾ ਹੈ। ਮੈਂ ਪਿਛਲੇ 40-50 ਸਾਲਾਂ ਤੋਂ ਵੱਖ ਵੱਖ ਅਹੁਦਿਆਂ ’ਤੇ ਰਿਹਾ ਹਾਂ। ਮੇਰੇ ਲਈ ਅਹੁਦਾ ਅਹਿਮ ਨਹੀਂ ਹੈ, ਮੈਂ ਮਿਲਣ ਵਾਲੀ ਕਿਸੇ ਵੀ ਜ਼ਿੰਮੇਵਾਰੀ ਨੂੰ ਪੂਰਾ ਕਰਾਂਗਾ।’’ ਗਹਿਲੋਤ ਨੇ ਜ਼ੋਰ ਦੇ ਕੇ ਆਖਿਆ ਗਾਂਧੀ ਪਰਿਵਾਰ ਹੀ ਨਹੀਂ ਬਲਕਿ ਹੋਰ ਕਾਂਗਰਸੀ ਮੈਂਬਰਾਂ ਨੇ ਵੀ ਉਨ੍ਹਾਂ ਵਿੱਚ ਵਿਸ਼ਵਾਸ ਜਤਾਇਆ ਹੈ।
ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੇ ਦੋ ਅਹੁਦੇ ਰੱਖਣ ਨੂੰ ਕਾਂਗਰਸ ਦੇ ਉਦੈਪੁਰ ਐਲਾਨਨਾਮੇ ਦਾ ਉਲੰਘਣ ਦੱਸਣ ਬਾਰੇ ਸਵਾਲ ਦੇ ਜਵਾਬ ਵਿੱਚ ਗਹਿਲੋਤ ਨੇ ਕਿਹਾ ਕਿ ਇਹ ਉਦੋਂ ਲਾਗੂ ਹੁੰਦਾ ਹੈ ਜਦੋਂ ਹਾਈ ਕਮਾਨ ਕਿਸੇ ਨੂੰ ਨਾਮਜ਼ਦ ਕਰਦੀ ਹੈ। ਪਾਰਟੀ ਪ੍ਰਧਾਨ ਦੀ ਚੋਣ ਸਾਰਿਆਂ ਲਈ ਖੁੱਲ੍ਹੀ ਹੈ ਤੇ ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ 9000 ਡੈਲੀਗੇਟਾਂ ’ਚੋਂ ਕੋਈ ਵੀ ਚੋਣ ਲੜ ਸਕਦਾ ਹੈ। ਲੋਕ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨਾਲ ਮੁਕਾਬਲੇ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਗਹਿਲੋਤ ਨੇ ਕਿਹਾ ਕਿ ਮੁਕਾਬਲਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਪਾਰਟੀ ਅੰਦਰਲੀ ਜਮਹੂਰੀਅਤ ਲਈ ਚੰਗਾ ਹੈ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਵਿੱਚ ਡੈਲੀਗੇਟਾਂ ਦੀ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਬਣਾਉਣ ਸਬੰਧੀ ਮਤਾ ਰੱਖਿਆ, ਜਿਸ ਦੀ ਪੰਜਾਬ ਅਸੈਂਬਲੀ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਈਦ ਕੀਤੀ।
ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਪਾਰਟੀ ਡੈਲੀਗੇਟਾਂ ਤੇ ਆਗੂਆਂ ਨੇ ਪਾਰਟੀ ਪ੍ਰਧਾਨ ਨੂੰ ਏਆਈਸੀਸੀ ਮੈਂਬਰ ਤੇ ਪ੍ਰ੍ਦੇਸ਼ ਕਾਂਗਰਸ ਕਮੇਟੀ ਦਾ ਮੁਖੀ ਲਾਉਣ ਦੇ ਅਧਿਕਾਰ ਵੀ ਦਿੱਤੇ। ਉਧਰ ਤਿਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਨੇ ਵੀ ਪਾਰਟੀ ਆਗੂ ਰਾਜਮੋਹਨ ਉੱਨੀਥਨ ਦੀ ਅਗਵਾਈ ਵਿੱਚ ਹੋਈ ਮੀਟਿੰਗ ’ਚ ਮਿਲਦਾ ਜੁਲਦਾ ਮਤਾ ਪਾਸ ਕੀਤਾ। -ਪੀਟੀਆਈ
ਰਾਹੁਲ ਦੀਆਂ ਕਠਪੁਤਲੀਆਂ ਹੋਣਗੇ ਗਹਿਲੋਤ ਜਾਂ ਥਰੂਰ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਅੱਜ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਅਸ਼ੋਕ ਗਹਿਲੋਤ ਬਣੇ ਜਾਂ ਫਿਰ ਸ਼ਸ਼ੀ ਥਰੂਰ, ਉਹ ਰਾਹੁਲ ਗਾਂਧੀ ਦੇ ਹੱਥ ਦੀਆਂ ਕੱਠਪੁਤਲੀਆਂ ਹੀ ਹੋਣਗੇ। ਭਾਜਪਾ ਨੇ ਕਿਹਾ ਕਿ ‘ਮੁੱਖ ਡਰਾਈਵਰ’ ਰਾਹੁਲ ਗਾਂਧੀ ਹੀ ਰਹਿਣਗੇ। ਪਾਰਟੀ ਦੇ ਕੌਮੀ ਤਰਜਮਾਨ ਟੌਮ ਵੜੱਕਣ ਨੇ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਨੂੰ ‘ਕਰੱਪਸ਼ਨ ਜੋੜੋ ਯਾਤਰਾ’ ਦੱਸਿਆ ਹੈ। -ਪੀਟੀਆਈ