ਨਵੀਂ ਦਿੱਲੀ, 6 ਜੁਲਾਈ
ਸਪਾਈਸਜੈੱਟ ਦੇ ਜਹਾਜ਼ਾਂ ’ਚ ਪਿਛਲੇ 18 ਦਿਨਾਂ ’ਚ ਤਕਨੀਕੀ ਨੁਕਸ ਦੀਆਂ 8 ਘਟਨਾਵਾਂ ਮਗਰੋਂ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਡੀਜੀਸੀਏ ਵੱਲੋਂ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਏਅਰਕ੍ਰਾਫਟ ਨੇਮ, 1937 ਦੀ ਧਾਰਾ 134 ਅਤੇ ਅਨੁਸੂਚੀ 11 ਤਹਿਤ ਸਪਾਈਸਜੈੱਟ ਸੁਰੱਖਿਅਤ, ਕੁਸ਼ਲ ਅਤੇ ਭਰੋਸੇਯੋਗ ਹਵਾਈ ਸੇਵਾਵਾਂ ਦੇਣ ’ਚ ਨਾਕਾਮ ਰਹੀ ਹੈ। ਡੀਜੀਸੀਏ ਨੇ ਏਅਰਲਾਈਨ ਨੂੰ ਤਿੰਨ ਹਫ਼ਤਿਆਂ ’ਚ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਸਤੰਬਰ 2021 ਦੇ ਵਿੱਤੀ ਮੁਲਾਂਕਣ ਤੋਂ ਖੁਲਾਸਾ ਹੋਇਆ ਹੈ ਕਿ ਏਅਰਲਾਈਨ ‘ਕੈਸ਼ ਐਂਡ ਕੈਰੀ’ ਦੇ ਮਾਡਲ ’ਤੇ ਚੱਲ ਰਹੀ ਹੈ ਅਤੇ ਸਪਲਾਇਅਰਜ਼ ਨੂੰ ਨਿਯਮਤ ਆਧਾਰ ’ਤੇ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਕਲਪੁਰਜ਼ਿਆਂ ਦੀ ਕਮੀ ਆਈ। ਡੀਜੀਸੀਏ ਦੇ ਨੋਟਿਸ ’ਤੇ ਪ੍ਰਤੀਕਰਮ ਦਿੰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਮੁਸਾਫ਼ਰਾਂ ਦੀ ਸੁਰੱਖਿਆ ਸਭ ਤੋਂ ਉਤੇ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਛੋਟੀ ਤੋਂ ਛੋਟੀਗਲਤੀ ਦੀ ਵੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵੀ ਸਪਾਈਜੈੱਟ ਦਾ ਚੀਨ ਜਾ ਰਿਹਾ ਜਹਾਜ਼ ਕੋਲਕਾਤਾ ਪਰਤ ਆਇਆ ਸੀ ਕਿਉਂਕਿ ਪਾਇਲਟ ਨੇ ਦੇਖਿਆ ਕਿ ਉਸ ਦਾ ਮੌਸਮੀ ਰੇਡਾਰ ਕੰਮ ਨਹੀਂ ਕਰ ਰਿਹਾ ਹੈ। ਸਪਾਈਸਜੈੱਟ ਦੇ ਤਰਜਮਾਨ ਨੇ ਕਿਹਾ ਕਿ 5 ਜੁਲਾਈ ਨੂੰ ਬੋਇੰਗ 737 ਮਾਲਵਾਹਕ ਜਹਾਜ਼ ਕੋਲਕਾਤਾ ਤੋਂ ਚੀਨ ਦੇ ਚੋਂਗਸ਼ਿੰਗ ਜਾ ਰਿਹਾ ਸੀ। ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਇਸ ਦੇ ਰਡਾਰ ’ਚ ਮੌਸਮ ਦਾ ਪਤਾ ਨਹੀਂ ਲੱਗ ਰਿਹਾ ਸੀ। ਪਾਇਲਟ ਨੇ ਜਹਾਜ਼ ਨੂੰ ਕੋਲਕਾਤਾ ਵਾਪਸ ਲਿਜਾਣ ਦਾ ਫ਼ੈਸਲਾ ਲਿਆ ਅਤੇ ਇਹ ਸੁਰੱਖਿਅਤ ਉਤਰ ਗਿਆ। ਏਅਰਲਾਈਨਜ਼ ਦੀ ਦਿੱਲੀ-ਦੁਬਈ ਉਡਾਣ ਈਂਧਣ ਇੰਡੀਕੇਟਰ ’ਚ ਨੁਕਸ ਕਾਰਨ ਕਰਾਚੀ ਵੱਲ ਮੋੜ ਦਿੱਤੀ ਗਈ ਸੀ।
ਉਡਾਣ ’ਚ ਧੂੰਏਂ ਦੇ ਮਾਮਲੇ ਦੀ ਜਾਂਚ ਸ਼ੁਰੂ
ਨਵੀਂ ਦਿੱਲੀ: ਇੰਡੀਗੋ ਦੀ ਰਾਏਪੁਰ-ਇੰਦੌਰ ਉਡਾਣ ’ਚ ਧੂੰਆਂ ਦਿਖਣ ਮਗਰੋਂ ਜਹਾਜ਼ ਨੂੰ ਟਿਕਾਣੇ ’ਤੇ ਸੁਰੱਖਿਅਤ ਉਤਾਰ ਲਿਆ ਗਿਆ। ਡੀਜੀਸੀਏ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਕੈਬਿਨ ਕਰੂ ਨੇ ਏ320 ਜਹਾਜ਼ ਦੇ ਉਤਰਨ ਮਗਰੋਂ ਧੂੰਆਂ ਉੱਠਦਾ ਦੇਖਿਆ ਸੀ। ਉਨ੍ਹਾਂ ਕਿਹਾ ਕਿ ਮੁਸਾਫ਼ਰਾਂ ਨੂੰ ਜਹਾਜ਼ ’ਚੋਂ ਸੁਰੱਖਿਅਤ ਕੱਢ ਲਿਆ ਗਿਆ ਸੀ। -ਪੀਟੀਆਈ
ਵਿਸਤਾਰਾ ਦਾ ਇੰਜਣ ਫੇਲ੍ਹ ਹੋਇਆ
ਨਵੀਂ ਦਿੱਲੀ: ਵਿਸਤਾਰਾ ਏਅਰਲਾਈਨ ਦੇ ਬੈਂਕਾਕ ਤੋਂ ਆ ਰਹੇ ਜਹਾਜ਼ ਦੇ ਦਿੱਲੀ ਹਵਾਈ ਅੱਡੇ ’ਤੇ ਉਤਰਨ ਮਗਰੋਂ ਉਸ ਦਾ ਇੰਜਣ ਫੇਲ੍ਹ ਹੋ ਗਿਆ। ਡੀਜੀਸੀਏ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਮੁਸਾਫ਼ਰਾਂ ਨੂੰ ਜਹਾਜ਼ ’ਚੋਂ ਸੁਰੱਖਿਅਤ ਕੱਢ ਲਿਆ ਗਿਆ। ਏਅਰਲਾਈਨ ਨੇ ਕਿਹਾ ਕਿ ਇੰਜਣ ਦੇ ਇੰਟੈਗ੍ਰੇਟਿਡ ਡਰਾਈਵ ਜੈਨਰੇਟਰ ’ਚ ਮਾਮੂਲੀ ਇਲੈਕਟ੍ਰੀਕਲ ਨੁਕਸ ਪੈ ਗਿਆ ਸੀ। ਇਸ ਜਨਰੇਟਰ ਰਾਹੀਂ ਜਹਾਜ਼ ਨੂੰ ਬਿਜਲੀ ਮਿਲਦੀ ਹੈ। -ਪੀਟੀਆਈ