ਮੁੰਬਈ, 9 ਮਈ
ਮੁੰਬਈ ਦੀ ਇੱਕ ਅਦਾਲਤ ਨੇ ਜ਼ਮਾਨਤ ਸ਼ਰਤਾਂ ਦੀ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਵਿਧਾਇਕ ਰਵੀ ਰਾਣਾ ਨੂੰ ਨੋਟਿਸ ਜਾਰੀ ਕੀਤਾ ਹੈ। ਵਿਸ਼ੇਸ਼ ਅਦਾਲਤ ਨੇ ਹਨੂਮਾਨ ਚਾਲੀਸਾ ਦੇ ਪਾਠ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਦੇਸ਼ਧ੍ਰੋਹ ਕੇਸ ਦਾ ਸਾਹਮਣਾ ਕਰ ਰਹੇ ਰਾਣਾ ਜੋੜੇ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ 18 ਮਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਮੁੰਬਈ ਪੁਲੀਸ ਨੇ ਦੋਵਾਂ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕਰਦਿਆਂ ਅਰਜ਼ੀ ਦਾਇਰ ਕੀਤੀ ਸੀ। ਮੁੰਬਈ ਪੁਲੀਸ ਦੀ ਅਰਜ਼ੀ ’ਤੇ ਅਦਾਲਤ ਨੇ ਨੋਟਿਸ ਜਾਰੀ ਕਰ ਕੇ ਦੋਵਾਂ ਤੋਂ ਜਵਾਬ ਮੰਗਿਆ ਹੈ। ਪੁਲੀਸ ਨੇ ਨਵਨੀਤ ਤੇ ਰਵੀ ਰਾਣਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ। ਪੁਲੀਸ ਨੇ ਕਿਹਾ ਕਿ ਜੋੜੇ ਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਕਥਿਤ ਤੌਰ ’ਤੇ ਵਿਸ਼ੇਸ਼ ਅਦਾਲਤ ਵੱਲੋਂ ਜ਼ਮਾਨਤ ਦੇਣ ਵੇਲੇ ਲਾਈਆਂ ਸ਼ਰਤਾਂ ਵਿਚੋਂ ਇਕ ਦੀ ਉਲੰਘਣਾ ਕੀਤੀ ਹੈ। ਮਾਮਲੇ ਦੀ ਸੁਣਵਾਈ 18 ਮਈ ਨੂੰ ਹੋਵੇਗੀ। -ਪੀਟੀਆਈ