ਜਬਲਪੁਰ, 10 ਜਨਵਰੀ
ਮੱਧ ਪ੍ਰਦੇਸ਼ ਦੀ ਇਕ ਅਦਾਲਤ ਨੇ ਮਾਣਹਾਨੀ ਦੇ ਕੇਸ ’ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਦੋ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਖ਼ਿਲਾਫ਼ ਮੁਕੱਦਮਾ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਵਕੀਲ ਵਿਵੇਕ ਤਨਖਾ ਨੇ ਦਾਇਰ ਕੀਤਾ ਸੀ। ਵਧੀਕ ਜ਼ਿਲ੍ਹਾ ਜੱਜ ਨੇ ਮੁੱਖ ਮੰਤਰੀ, ਭਾਜਪਾ ਸੂਬਾ ਪ੍ਰਧਾਨ ਵੀ.ਡੀ. ਸ਼ਰਮਾ ਤੇ ਸੂਬਾ ਮੰਤਰੀ ਭੁਪੇਂਦਰ ਸਿੰਘ ਨੂੰ ਨੋਟਿਸ ਭੇਜੇ ਹਨ। ਉਨ੍ਹਾਂ ਨੂੰ 25 ਫਰਵਰੀ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਤਨਖਾ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਚੌਹਾਨ ਤੇ ਹੋਰਾਂ ਨੇ ਓਬੀਸੀ ਰਾਖ਼ਵਾਂਕਰਨ ਕੇਸ ਵਿਚ ਸੁਪਰੀਮ ਕੋਰਟ ’ਚ ਤਨਖਾ ਖ਼ਿਲਾਫ਼ ਕਈ ਅਪਮਾਨਜਨਕ ਬਿਆਨ ਦਿੱਤੇ ਸਨ ਜਿਸ ਨਾਲ ਸੀਨੀਅਰ ਵਕੀਲ ਦੀ ਸਾਖ਼ ਨੂੰ ਸੱਟ ਵੱਜੀ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਤਿੰਨਾਂ ਨੇ ਓਬੀਸੀ ਕੋਟਾ ਕੇਸ ਵਿਚ ਸੁਪਰੀਮ ਕੋਰਟ ’ਚ ਗਲਤ ਤੱਥ ਪੇਸ਼ ਕਰ ਕੇ ਕਾਂਗਰਸ ਰਾਜ ਸਭਾ ਮੈਂਬਰ ਨੂੰ ਬਦਨਾਮ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਸਮੇਂ ਪੰਚਾਇਤੀ ਢਾਂਚੇ ਵਿਚ ਓਬੀਸੀ ਕੋਟਾ ਲਾਗੂ ਕੀਤਾ ਗਿਆ ਸੀ। -ਪੀਟੀਆਈ