ਨਵੀਂ ਦਿੱਲੀ: ਕਿਸਾਨਾਂ ਦੇ ਪ੍ਰਦਰਸ਼ਨਾਂ ਨਾਲ ਜੁੜੀ ‘ਟੂਲਕਿੱਟ’ ਅੱਗੇ ਸੋਸ਼ਲ ਮੀਡੀਆ ’ਤੇ ਸਾਂਝਿਆਂ ਕਰਨ ਦੇ ਕੇਸ ਵਿੱਚ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨਾਲ ਸਹਿ ਮੁਲਜ਼ਮ ਸ਼ਾਂਤਨੂੰ ਮੁਲਕ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ’ਤੇ ਸਥਾਨਕ ਕੋਰਟ ਨੇ ਦਿੱਲੀ ਪੁਲੀਸ ਤੋਂ ਜਵਾਬ ਮੰਗ ਲਿਆ ਹੈ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਹੁਣ 26 ਫਰਵਰੀ ਨੂੰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨਗੇ। ਅੱਜ ਕੇਸ ਦੇ ਤਫ਼ਤੀਸ਼ੀ ਅਧਿਕਾਰੀ ਦੇ ਗੈਰਹਾਜ਼ਰ ਹੋਣ ਕਰਕੇ ਕੇਸ ਦੀ ਸੁਣਵਾਈ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਮੁਲਕ ਨੂੰ ਬੰਬੇ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਕੋਲੋਂ ਮਿਲੀ ਦਸ ਦਿਨਾ ਟਰਾਂਜ਼ਿਟ ਜ਼ਮਾਨਤ ਦੀ ਮਿਆਦ 26 ਫਰਵਰੀ ਨੂੰ ਖ਼ਤਮ ਹੋ ਰਹੀ ਹੈ। ਇਸੇ ਕੇਸ ’ਚ ਇਕ ਹੋਰ ਸਹਿ-ਮੁਲਜ਼ਮ ਤੇ ਪੇਸ਼ੇ ਵਜੋਂ ਵਕੀਲ ਨਿਕਿਤਾ ਜੈਕਬ ਵੀ ਇਸ ਵੇਲੇ ਤਿੰਨ ਹਫ਼ਤਿਆਂ ਦੀ ਟਰਾਂਜ਼ਿਟ ਜ਼ਮਾਨਤ ’ਤੇ ਹਨ ਜਦੋਂਕਿ ਦਿਸ਼ਾ ਰਵੀ 9 ਦਿਨਾਂ ਦੀ ਹਿਰਾਸਤ ਮਗਰੋਂ ਮੰਗਲਵਾਰ ਰਾਤ ਹੀ ਜ਼ਮਾਨਤ ਮਗਰੋਂ ਰਿਹਾਅ ਹੋਈ ਹੈ। ਦੇਸ਼ਧ੍ਰੋਹ ਲਈ ਦੋਸ਼ੀ ਪਾਏ ਜਾਣ ਦੀ ਸੂਰਤ ’ਚ ਮੁਲਜ਼ਮਾਂ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। -ਪੀਟੀਆਈ