ਨਵੀਂ ਦਿੱਲੀ, 27 ਅਕਤੂਬਰ
ਮਨੁੱਖੀ ਅਧਿਕਾਰੀ ਕਮਿਸ਼ਨ ਨੇ ਰਾਜਸਥਾਨ ਦੇ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ‘ਸਟੈਂਪ ਪੇਪਰ’ ’ਤੇ ਕੁੜੀਆਂ ਨੂੰ ਵੇਚੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਬਾਅਦ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਇਨਕਾਰ ਕਰਨ ’ਤੇ ਜਾਤੀ ਪੰਚਾਇਤਾਂ ਦੇ ਹੁਕਮਾਂ ’ਤੇ ਵਿੱਤੀ ਝਗੜਿਆਂ ਦੇ ਨਬਿੇੜੇ ਲਈ ਉਨ੍ਹਾਂ ਦੀਆਂ ਮਾਵਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਕਮਿਸ਼ਨ ਨੇ ਇਨ੍ਹਾਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਰਾਜਸਥਾਨ ਦੇ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਚਾਰ ਹਫ਼ਤਿਆਂ ਵਿੱਚ ਇਸ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਅਤੇ ਕੀਤੀ ਗਈ ਕਾਰਵਾਈ ਬਾਰੇ ਜਵਾਬ ਮੰਗਿਆ ਹੈ। ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਮਿਸ਼ਨ ਨੇ ਕਿਹਾ ਹੈ ਕਿ ਵਿੱਤੀ ਲੈਣ ਦੇਣ ਜਾਂ ਕਰਜ਼ੇ ਨੂੰ ਲੈ ਕੇ ਜਦੋਂ ਦੋ ਧਿਰਾਂ ਵਿੱਚ ਝਗੜਾ ਹੁੰਦਾ ਹੈ ਤਾਂ ਪੈਸੇ ਦੀ ਉਗਰਾਹੀ ਲਈ ਅੱਠ ਤੋਂ 18 ਸਾਲ ਉਮਰ ਦੀਆਂ ਕੁੜੀਆਂ ਦੀ ਬੋਲੀ ਲਗਾਈ ਜਾਂਦੀ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਬੋਲੀ ਬਾਅਦ ਇਨ੍ਹਾਂ ਕੁੜੀਆਂ ਨੂੰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮੁੰਬਈ, ਦਿੱਲੀ ਅਤੇ ਵਿਦੇਸ਼ੀ ਮੁਲਕਾਂ ਵਿੱਚ ਭੇਜ ਦਿੱਤਾ ਜਾਂਦਾ ਹੈ, ਜਿਥੇ ਇਨ੍ਹਾਂ ਦਾ ਜਿਨਸੀ ਸ਼ੋਸ਼ਣ ਹੁੰਦਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।-ਏਜੰਸੀ