ਖੜਗਪੁਰ, 20 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਅੱਜ ਖੁੱਲ੍ਹ ਕੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਸ ਦਾ ਸੰਸਦ ਮੈਂਬਰ ਭਤੀਜਾ ਅਭਿਸ਼ੇਕ ਸੂਬੇ ’ਚ ‘ਸਿੰਗਲ ਵਿੰਡੋ’ ਪ੍ਰਣਾਲੀ ਹੈ ਅਤੇ ਉਸ ਨੂੰ ਉਲੰਘੇ ਬਿਨਾਂ ਕੋਈ ਕੰਮ ਸਿਰੇ ਨਹੀਂ ਚੜ੍ਹਦਾ ਹੈ। ਸ੍ਰੀ ਮੋਦੀ ਨੇ ਤ੍ਰਿਣਮੂਲ ਕਾਂਗਰਸ ਦੀ ਮੁਖੀ ’ਤੇ ਅਜਿਹੀ ਸਰਕਾਰ ਚਲਾਉਣ ਦਾ ਦੋਸ਼ ਲਾਇਆ ਜਿਸ ’ਚ ‘ਤੋਲਾਬਾਜ਼’ (ਉਗਰਾਹੀ ਕਰਨ ਵਾਲੇ) ਅਤੇ ਭ੍ਰਿਸ਼ਟ ਲੋਕ ਭਰੇ ਹੋਏ ਹਨ। ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਚੋਣਾਂ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਨੂੰ ਬਦਲਣ ਦਾ ਨਹੀਂ ਸਗੋਂ ਸੋਨਾਰ ਬਾਂਗਲਾ ਦੇ ਨਿਰਮਾਣ ਦਾ ਅਹਿਦ ਹੈ।’’ ਬੀਤੇ ਤਿੰਨ ਦਿਨਾਂ ’ਚ ਆਪਣੀ ਦੂਜੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮਮਤਾ ਬੈਨਰਜੀ ਵੋਟ ਬੈਂਕ ਦੀ ਸਿਆਸਤ ਲਈ ਸਾਰਿਆਂ ਨੂੰ ਖੁਸ਼ ਕਰਨ ਦਾ ‘ਖੇਲਾ’ ਕਰ ਰਹੀ । ਉਨ੍ਹਾਂ ਮਮਤਾ ਦੇ ਭਤੀਜੇ ਅਤੇ ਡਾਇਮੰਡ ਹਾਰਬਰ ਤੋਂ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦਾ ਨਾਮ ਲਏ ਬਿਨਾਂ ਕਿਹਾ,‘‘ਸਨਅਤੀ ਇਕਾਈਆਂ ਬੰਦ ਹੋ ਰਹੀਆਂ ਹਨ। ਸਨਅਤਾਂ ਨੂੰ ਛੇਤੀ ਮਨਜ਼ੂਰੀ ਦੇਣ ਲਈ ਇਕ ਸਿੰਗਲ ਵਿੰਡੋ ਪ੍ਰਣਾਲੀ ਬਣਾਈ ਗਈ ਹੈ। ਬੰਗਾਲ ’ਚ ਵੀ ਸਿੰਗਲ ਵਿੰਡੋ ਹੈ-ਭਾਈਪੋ (ਭਤੀਜਾ) ਦੀ ਸਿੰਗਲ ਵਿੰਡੋ, ਜਿਸ ਨੂੰ ਉਲੰਘੇ ਬਿਨਾਂ ਕੋਈ ਕੰਮ ਨਹੀਂ ਹੁੰਦਾ ਹੈ।’’ ਪ੍ਰਧਾਨ ਮੰਤਰੀ ਨੇ 2018 ਦੀਆਂ ਪੰਚਾਇਤ ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਕਾਰਕੁਨਾਂ ਵੱਲੋਂ ਭਾਜਪਾ ਦੇ ਕਰੀਬ 130 ਵਰਕਰਾਂ ਦੀ ਹੱਤਿਆ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ,‘‘ਮਮਤਾ ਦੀਦੀ ਕਰੂਰਤਾ ਦਾ ਸਕੂਲ ਚਲਾਉਂਦੀ ਹੈ ਜਿਥੇ ਤੋਲਾਬਾਜ਼ੀ, ਕੱਟ ਮਨੀ, ਸਿੰਡੀਕੇਟ ਅਤੇ ਅਰਾਜਕਤਾ ਦਾ ਸਬਕ ਪੜ੍ਹਾਇਆ ਜਾਂਦਾ ਹੈ।’’ ਮਮਤਾ ਵੱਲੋਂ ਭਾਜਪਾ ਨੂੰ ਬਾਹਰੀ ਕਰਾਰ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਹੀ ਬੰਗਾਲ ’ਚ ਇਕੋ ਇਕ ਅਸਲ ਪਾਰਟੀ ਹੈ। ‘ਜਨਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਬੰਗਾਲ ਦੇ ਬੇਟੇ ਸਨ ਅਤੇ ਭਾਜਪਾ ਦੇ ਡੀਐੱਨਏ ’ਚ ਬੰਗਾਲ ਹੈ।’ ਉਨ੍ਹਾਂ ਕਿਹਾ ਕਿ ‘ਦੀਦੀ’ ਦਾ ਖੇਲਾ ਹੁਣ ਖ਼ਤਮ ਹੋਵੇਗਾ ਅਤੇ ਸੂਬੇ ’ਚ ਵਿਕਾਸ ਸ਼ੁਰੂ ਹੋਵੇਗਾ। ‘ਦੀਦੀ ਨੂੰ ਬੰਗਾਲ ਦੇ ਭਵਿੱਖ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’ -ਪੀਟੀਆਈ
ਰੱਬ ਦਾ ਸ਼ੁਕਰ ਹੈ ਕਿ ‘ਮੀਰ ਜ਼ਾਫ਼ਰ’ ਟੀਐੱਮਸੀ ’ਚੋਂ ਬਾਹਰ ਚਲੇ ਗਏ ਹਨ: ਮਮਤਾ
ਖੇਜੁਰੀ/ਪਾਂਸਕੁੜਾ (ਪੱਛਮੀ ਬੰਗਾਲ): ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੂਰਬੀ ਮੇਦਨੀਪੁਰ ਦੇ ਪ੍ਰਭਾਵਸ਼ਾਲੀ ਅਧਿਕਾਰੀ ਪਰਿਵਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਰਾਹਤ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਮੀਰ ਜ਼ਾਫ਼ਰ’ (ਦਗ਼ਾਬਾਜ਼) ਪਾਰਟੀ ਤੋਂ ਚਲੇ ਗਏ ਹਨ। ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਜ਼ਿਲ੍ਹੇ ਦੇ ਖੇਜੁਰੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਨੂੰ ‘ਸਾਮੰਤੀ ਜ਼ਿਮੀਦਾਰਾਂ ਦੀ ਪਾਰਟੀ’ ਦੱਸਿਆ ਤੇ ਦੋਸ਼ ਲਾਇਆ ਕਿ ਪਾਰਟੀ ਪੂਰੇ ਦੇਸ਼ ਨੂੰ ਵੇਚਣ ’ਚ ਜ਼ਿਆਦਾ ਦਿਲਚਸਪੀ ਵਿਖਾ ਰਹੀ ਹੈ। ਮੁੱਖ ਮੰਤਰੀ ਬੈਨਰਜੀ ਨੇ ਕਿਹਾ,‘ਰੱਬ ਦਾ ਸ਼ੁਕਰ ਹੈ ਕਿ ਮੀਰ ਜ਼ਾਫ਼ਰ (ਟੀਐੱਮਸੀ) ਛੱਡ ਕੇ ਚਲੇ ਗਏ ਹਨ। ਹੁਣ ਮੈਨੂੰ ਰਾਹਤ ਮਿਲੀ ਹੈ। ਇਸ ਗੱਲ ਨੇ ਸਾਨੂੰ ਬਚਾ ਲਿਆ। ਜਦੋਂ ਵੀ ਮੈਂ ਨੰਦੀਗ੍ਰਾਮ, ਖੇਜੁਰੀ ਜਾਂ ਕਾਂਠੀ ਆਉਣਾ ਚਾਹੁੰਦੀ ਸੀ ਤਾਂ ਉਹ ਮੈਨੂੰ ਰੋਕ ਦਿੰਦੇ ਸਨ। ਹੁਣ ਕੋਈ ਮੈਨੂੰ ਇੱਥੇ ਆਉਣ ਤੋਂ ਰੋਕ ਨਹੀਂ ਸਕਦਾ।’ -ਪੀਟੀਆਈ
ਮੋਦੀ ਦੀ ਪੁੱਡੂਚੇਰੀ ’ਚ ਰੈਲੀ 30 ਨੂੰ
ਪੁੱਡੂਚੇਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਾਰਚ ਨੂੰ ਪੁੱਡੂਚੇਰੀ ’ਚ ਐੱਨਡੀਏ ਦੇ ਹੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ।ਕੇਂਦਰੀ ਸਾਸ਼ਿਤ ਪ੍ਰਦੇਸ਼ ਪੁੱਡੂਚੇਰੀ ’ਚ ਵਿਧਾਨ ਸਭਾ ਚੋਣਾਂ 6 ਅਪਰੈਲ ਨੂੰ ਹੋਣੀਆਂ ਹਨ। -ਪੀਟੀਆਈ