ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 20 ਜੁਲਾਈ
ਬਾਗ਼ੀ ਕਾਂਗਰਸੀ ਆਗੂ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਉਹ ਪਾਰਟੀ ਵਿਚਲੇ ਕੁਝ ਲੋਕਾਂ ਵੱਲੋਂ ਵੱਢੀ ਦੀ ਪੇਸ਼ਕਸ਼ ਦੇ ਲਾਏ ਬੇਬੁਨਿਆਦ ਦੋਸ਼ਾਂ ਤੋਂ ‘ਹੈਰਾਨ ਨਹੀਂ ਬਲਕਿ ਦੁੁਖੀ ਹਨ।’ ਪਾਇਲਟ ਨੇ ਕਿਹਾ ਕਿ ਉਹ ਪਾਰਟੀ ਵਿਧਾਇਕ ਗਿਰੀਰਾਜ ਮਲਿੰਗਾ ਵੱਲੋਂ ਲਾਏ ਦੋਸ਼ਾਂ ਲਈ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਬਸਪਾ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਮਲਿੰਗਾ ਨੇ ਦੋਸ਼ ਲਾਇਆ ਸੀ ਕਿ ਪਾਇਲਟ ਨੇ ਰਾਜ ਸਭਾ ਚੋਣਾਂ ਮੌਕੇ ਉਸ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਮੋਟੀ ਰਕਮ ਦੀ ਪੇਸ਼ਕਸ਼ ਕੀਤੀ ਸੀ। ਪਾਇਲਟ ਨੇ ਕਿਹਾ ਕਿ ਇਨ੍ਹਾਂ ਬੇਬੁਨਿਆਦ ਦੋਸ਼ਾਂ ਦਾ ਮੁੱਖ ਮੰਤਵ ਉਨ੍ਹਾਂ ਦੀ ਦਿੱਖ ਨੂੰ ਵਿਗਾੜਨਾ ਤੇ ਪਾਰਟੀ ਲੀਡਰਸ਼ਿਪ ਖਿਲਾਫ਼ ਉਠਾਈਆਂ ਵਿਧਾਨਕ ਫ਼ਿਕਰਮੰਦੀਆਂ ਦਾ ਗ਼ਲਾ ਘੁੱਟਣਾ ਹੈ।