ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 21 ਅਗਸਤ
ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਕਾਨੂੰਨੀ ਗਾਰੰਟੀ ਨਾ ਦੇਣ ਲਈ ਅੱਜ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪ੍ਰਤੀ ਈਮਾਨਦਾਰ ਨਹੀਂ ਅਤੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਪ੍ਰਤੀ ਕੋਈ ਹੇਜ ਨਹੀਂ ਹੈ। ਮਲਿਕ ਉਤਰ ਪ੍ਰਦੇਸ਼ ਦੇ ਬਾਗ਼ਵਤ ਵਿੱਚ ਚਾਂਦੀਨਗਰ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਘਿਟੌਰਾ ਵਿੱਚ ਕਿਸਾਨ ਮਜ਼ਦੂਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਕੇਂਦਰ ਵਿੱਚ ਗ਼ੈਰ-ਸੰਵੇਦਨਸ਼ੀਲ ਸਰਕਾਰ ਹੈ। ਸਰਕਾਰ ਦੀ ਐੱਮਐੱਸਪੀ ਕਾਨੂੰਨ ਨੂੰ ਲੈ ਕੇ ਨੀਅਤ ਸਾਫ਼ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਐੱਮਐੱਸਪੀ ਨੂੰ ਲੈ ਕੇ ਆਪਣੀ ਨੀਅਤ ਸਾਫ਼ ਕਰੇ। ਕਿਸਾਨਾਂ ਨੂੰ ਇਸ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ ਹੈ।