ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੇਸ਼ ’ਚ ਕਰੋਨਾਵਾਇਰਸ ਦੇ ਇਕ ਦਿਨ ’ਚ ਰਿਕਾਰਡ 3.60 ਲੱਖ ਤੋਂ ਜ਼ਿਆਦਾ ਕੇਸ ਆਉਣ ’ਤੇ ਅੱਜ ਕਿਹਾ ਕਿ ਮੁਲਕ ’ਚ ਸੈਂਟਰਲ ਵਿਸਟਾ ਪ੍ਰਾਜੈਕਟ ਵਾਲੀ ਨਹੀਂ ਸਗੋਂ ਵਿਜ਼ਨ ਵਾਲੀ ਕੇਂਦਰ ਸਰਕਾਰ ਦੀ ਲੋੜ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕਰੋਨਾਵਾਇਰਸ ’ਤੇ ਸਪੱਸ਼ਟ ਨਜ਼ਰੀਆ ਰੱਖਣ ਵਾਲੀ ਕੇਂਦਰ ਸਰਕਾਰ ਚਾਹੀਦੀ ਹੈ। ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ ਕਿ ਇਕ-ਦੂਜੇ ਦੀ ਸਹਾਇਤਾ ਕਰਦੇ ਹੋਏ ਆਮ ਲੋਕ ਦੱਸਦੇ ਹਨ ਕਿ ਕਿਸੇ ਦਾ ਦਿਲ ਛੂਹਣ ਲਈ ਹੱਥ ਛੂਹਣ ਦੀ ਲੋੜ ਨਹੀਂ ਹੈ। ‘ਮਦਦ ਦਾ ਹੱਥ ਵਧਾਉਂਦੇ ਚਲੋ, ਇਸ ਅੰਨ੍ਹੇ ਸਿਸਟਮ ਨੂੰ ਸੱਚ ਦਿਖਾਉਂਦੇ ਚਲੋ।’ ਉਨ੍ਹਾਂ ਹੈਸ਼ਟੈਗ ਟੂਗੈਦਰਸਟਰੌਂਗਰ ਦੀ ਵਰਤੋਂ ਕਰਦਿਆਂ ਲੋਕਾਂ ਨੂੰ ਇਕ-ਦੂਜੇ ਦੀ ਸਹਾਇਤਾ ਲਈ ਅੱਗੇ ਆਉਣ ਲਈ ਕਿਹਾ ਹੈ। -ਪੀਟੀਆਈ