ਅਗਲਤਲਾ, 14 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ-ਪੂਰਬੀ ਖਿੱਤਾ ਮੁਲਕ ਦੇ ਸਮੁੱਚੇ ਵਿਕਾਸ ਦੌਰਾਨ ਅਣਦੇਖੀ ਦਾ ਸ਼ਿਕਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖਿੱਤੇ ਦੀ ਸਮਰੱਥਾ ਦੀ ਵਰਤੋਂ ਆਧੁਨਿਕ ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਸੰਚਾਰ ਪ੍ਰਣਾਲੀ ’ਚ ਸੁਧਾਰ ਲਿਆ ਕੇ ਕੀਤੀ ਜਾਵੇਗੀ। ਉਨ੍ਹਾਂ ਦਿੱਲੀ ਤੋਂ ਆਪਣੇ ਵਰਚੁਅਲ ਭਾਸ਼ਣ ਮੌਕੇ ਕਿਹਾ,‘ਅੱਜ ਮੁਲਕ ਦੇ ਵਿਕਾਸ ਨੂੰ ‘ਏਕ ਭਾਰਤ’ ਦੇ ਪੱਖ ਤੋਂ ਵੇਖਿਆ ਜਾਂਦਾ ਹੈ। ਉਹ ਅੱਜ ‘ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ’ ਤਹਿਤ ਘਰ ਬਣਾਉਣ ਲਈ ਪਹਿਲੀ ਕਿਸ਼ਤ ਵਜੋਂ ਤ੍ਰਿਪੁਰਾ ਦੇ 1.47 ਲੱਖ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧਿਆਂ 709 ਕਰੋੜ ਰੁਪਏ ਤਬਦੀਲ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲੀਆਂ ਤ੍ਰਿਪੁਰਾ ਸਰਕਾਰਾਂ ਦਾ ਨਾਂ ਲਏ ਬਿਨਾਂ ਪ੍ਰਧਾਨ ਮੰਤਰੀ ਨੇ ਪੁਰਾਣੀ ਪ੍ਰਣਾਲੀ ਦੀ ਨਿਖੇਧੀ ਕੀਤੀ ਜਿਸ ਤਹਿਤ ਲਾਭਪਾਤਰੀਆਂ ਨੂੰ ਰਿਸ਼ਵਤ ਦਿੱਤੇ ਬਗੈਰ ਕਿਸੇ ਸਕੀਮ ਦਾ ਲਾਭ ਨਹੀਂ ਮਿਲਦਾ ਸੀ। ਇਸ ਮੌਕੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ,‘ਸੂਬੇ ਵਿੱਚ ਬਿਪਲਬ ਦੇਬ ਦੀ ਸਰਕਾਰ ਅਤੇ ਕੇਂਦਰ ਸਰਕਾਰ ਸੂਬੇ ਦੀ ਤਰੱਕੀ ਲਈ ਸਮਰਪਿਤ ਹਨ।’ ਉਨ੍ਹਾਂ ਕਿਹਾ ਕਿ ਤ੍ਰਿਪੁਰਾ ਨੂੰ ਗਰੀਬ ਰੱਖਣ ਤੇ ਇੱਥੋਂ ਦੇ ਲੋਕਾਂ ਨੂੰ ਸਹੂਲਤਾਂ ਤੋਂ ਦੂਰ ਰੱਖਣ ਦੀ ਸੋਚ ਦਾ ਅੱਜ ਸੂਬੇ ਵਿੱਚ ਕੋਈ ਸਥਾਨ ਨਹੀਂ ਹੈ। -ਪੀਟੀਆਈ
ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਦਾ ਮੋਦੀ ਅੱਜ ਕਰਨਗੇ ਉਦਘਾਟਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਵਿਕਸਤ ਕੀਤੇ ਗਏ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਦਾ ਭਲਕੇ 15 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਦੌਰੇ ਮੌਕੇ ਉਦਘਾਟਨ ਕਰਨਗੇ। ਰੇਲਵੇ ਮੰਤਰਾਲੇ ਨੇ ਦੱਸਿਆ ਕਿ ਉਹ ਸੂਬੇ ਵਿੱਚ ਰੇਲਵੇ ਮੰਤਰਾਲੇ ਦੇ ਕਈ ਅਹਿਮ ਪ੍ਰਾਜੈਕਟ ਵੀ ਦੇਸ਼ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਇਲੈਕਟ੍ਰੀਫਾਈਡ ਉਜੈਨ-ਫਤਹਬਿਾਦ ਚੰਦਰਵਟੀਗੰਜ ਬਰਾਡ ਗੌਜ ਸੈਕਸ਼ਨ, ਭੋਪਾਲ-ਬਾਰਖੇੜਾ ਸੈਕਸ਼ਨ ’ਚ ਸ਼ਾਮਲ ਤੀਜੀ ਲਾਈਨ, ਇਲੈਕਟ੍ਰੀਫਾਈਡ ਮਥੇਲਾ-ਨਿਮਾਰ ਖੇੜੀ ਬਰਾਡ ਗੌਜ ਸੈਕਸ਼ਨ ਤੇ ਇਲੈਕਟ੍ਰੀਫਾਈਡ ਗੁਨਾ-ਗਵਾਲੀਅਰ ਸੈਕਸ਼ਨ ਸ਼ਾਮਲ ਹਨ। ਸ੍ਰੀ ਮੋਦੀ ਦੋ ਨਵੀਆਂ ਐੱਮਈਐੱਮਯੂ ਰੇਲਗੱਡੀਆਂ ਨੂੰ ਵੀ ਰਵਾਨਾ ਕਰਨਗੇ ਜੋ ਉਜੈਨ-ਇੰਦੌਰ ਤੇ ਇੰਦੌਰ ਤੋਂ ਉਜੈਨ ਤੱਕ ਚੱਲਣਗੀਆਂ। ਇਹ ਰੇਲਵੇ ਸਟੇਸ਼ਨ ਜਨਤਕ-ਨਿੱਜੀ ਭਾਈਵਾਲੀ ਤਹਿਤ ਮੁੜ ਵਿਕਸਿਤ ਕੀਤਾ ਗਿਆ ਹੈ ਤੇ ਅਤਿ-ਆਧੁਨਿਕ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। -ਪੀਟੀਆਈ