ਬੰਗਲੂਰੂ, 20 ਅਕਤੂਬਰ
ਬੰਗਲੂਰੂ ਵਿੱਚ ਬੁੱਧਵਾਰ ਰਾਤ ਨੂੰ ਪਏ ਮੀਂਹ ਕਰਕੇ ਆਮ ਜ਼ਿੰਦਗੀ ਲੀਹੋਂ ਲੱਥ ਗਈ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਜਮ੍ਹਾਂ ਹੋਣ ਨਾਲ ਹੜ੍ਹ ਵਾਲੇ ਹਾਲਾਤ ਬਣ ਗਏ। ਇਸ ਦੌਰਾਨ ਕਈ ਥਾਈਂ ਰੁੱਖ ਡਿੱਗਣ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਤੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪੁੱਜਾ।
ਮੌਸਮ ਵਿਭਾਗ ਮੁਤਾਬਕ ਲੰਘੀ ਰਾਤ 70 ਮਿਲੀਮੀਟਰ ਮੀਂਹ ਪਿਆ, ਜਿਸ ਨੇ ਸ਼ਹਿਰ ਦੇ ਕਈ ਹਿੱਸਿਆਂ ਨੂੰ ਗੋਡਿਆਂ ਭਾਰ ਕਰ ਛੱਡਿਆ। ਇਸ ਤੋਂ ਪਹਿਲਾਂ 7 ਸਤੰਬਰ ਨੂੰ ਪਏ ਮੀਂਹ ਨੇ ਵੀ ਸ਼ਹਿਰ ਦੇ ਬਹੁਤੇ ਹਿੱਸਿਆਂ ਨੂੰ ਅਸਰਅੰਦਾਜ਼ ਕੀਤਾ ਸੀ। ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਗਰਜ ਨਾਲ ਛਿੱਟੇ ਪੈਣ ਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੀਂਹ ਦਾ ਸਭ ਤੋਂ ਵੱਧ ਅਸਰ ਸ਼ੇਸ਼ਾਦਰੀਪੁਰਮ ਇਲਾਕੇ ਵਿੱਚ ਨਜ਼ਰ ਆਇਆ, ਜਿੱਥੇ ਮੈਟਰੋ ਰੇਲ ਨੇੜਲੀ ਕੰਧ ਡਿੱਗਣ ਨਾਲ ਸੱਤ ਕਾਰਾਂ ਤੇ ਕੁਝ ਬਾਈਕ ਨੁਕਸਾਨੇ ਗਏ। ਉਂਜ ਕਿਸੇ ਜਾਨੀਂ ਨੁਕਸਾਨ ਤੋਂ ਬਚਾਅ ਰਿਹਾ ਕਿਉਂਕਿ ਕੰਧ ਡਿੱਗਣ ਮੌਕੇ ਉਥੇ ਕੋਈ ਮੌਜੂਦ ਨਹੀਂ ਸੀ। ਸ਼ਿਵਾਜੀਨਗਰ ਨੇ ਨਦੀ ਦਾ ਰੂਪ ਧਾਰ ਲਿਆ ਅਤੇ ਕਾਰ ਤੇ ਬਾਈਕ ਪਾਣੀ ਵਿੱਚ ਤਰਦੇ ਨਜ਼ਰ ਆਏ। ਐੱਚਐੱਸਆਰ ਇਲਾਕੇ ਵਿੱਚ ਮੀਂਹ ਕਰਕੇ ਦੋ ਸੌ ਦੇ ਕਰੀਬ ਪਰਿਵਾਰਾਂ ਦੇ ਘਰਾਂ ਅਤੇ ਕੁਝ ਅਪਾਰਟਮੈਂਟਾਂ ਦੀਆਂ ਬੇਸਮੈਂਟਾਂ ਵਿੱਚ ਪਾਣੀ ਭਰ ਗਿਆ। ਬੀਲੇਕਾਹਾਲੀ ਵਿੱਚ ਅਨੁਗ੍ਰਹਿ ਕਾਲੋਨੀ ਵਿੱਚ ਵੀ ਪਾਣੀ ਖੜ੍ਹ ਗਿਆ। ਬੀਬੀਐੱਮਪੀ ਅਧਿਕਾਰੀ ਨੇ ਕਿਹਾ ਕਿ ਸਿਵਿਕ ਏਜੰਸੀ ਵੱਲੋਂ ਨਜਾਇਜ਼ ਕਬਜ਼ੇ ਹਟਾਉਣ ਕਰਕੇ ਐਤਕੀਂ ਮੀਂਹ ਕਰਕੇ ਪਿਛਲੀ ਵਾਰ ਨਾਲੋਂ ਘੱਟ ਨੁਕਸਾਨ ਹੋਇਆ ਹੈ। -ਪੀਟੀਆਈ