ਨਵੀਂ ਦਿੱਲੀ: ਕੋਵਿਡ-19 ਵੈਕਸੀਨ ਦੀ ਕੁਝ ਸੂਬਿਆਂ ’ਚ ਘਾਟ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦਰਮਿਆਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਕਿਹਾ ਕਿ ਲੋਕਾਂ ’ਚ ਘਬਰਾਹਟ ਪੈਦਾ ਕਰਨ ਲਈ ਬੇਤੁਕੇ ਬਿਆਨ ਦਾਗ਼ੇ ਜਾ ਰਹੇ ਹਨ। ਮਾਂਡਵੀਆ ਨੇ ਕਿਹਾ ਕਿ ਸੂਬੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਿੰਨੀ ਗਿਣਤੀ ’ਚ ਅਤੇ ਕਦੋਂ ਵੈਕਸੀਨ ਦੀਆਂ ਖੁਰਾਕਾਂ ਮਿਲਣੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੂਬਿਆਂ ਨੂੰ ਅਗਾਊਂ ਹੀ ਖੁਰਾਕਾਂ ਦੀ ਵੰਡ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਉਨ੍ਹਾਂ ਕਈ ਟਵੀਟ ਕਰਕੇ ਕਿਹਾ ਕਿ ਵੈਕਸੀਨ ਦੀ ਉਪਲੱਬਧਤਾ ਨੂੰ ਤੱਥਾਂ ਦੇ ਸਹੀ ਅਧਿਐਨ ਨਾਲ ਹੀ ਬਿਹਤਰ ਸਮਝਿਆ ਜਾ ਸਕਦਾ ਹੈ। ਮਾਂਡਵੀਆ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੂਨ ’ਚ 11.46 ਕਰੋੜ ਵੈਕਸੀਨ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਸਨ ਅਤੇ ਇਹ ਗਿਣਤੀ ਜੁਲਾਈ ’ਚ ਵਧ ਕੇ 13.50 ਕਰੋੜ ਹੋ ਗਈ ਹੈ। ਮੀਡੀਆ ’ਚ ਦੁਚਿੱਤੀ ਪੈਦਾ ਕਰਨ ਵਾਲੇ ਬਿਆਨ ਦੇਣ ਵਾਲੇ ਆਗੂਆਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਨੂੰ ਅੰਤਰ ਝਾਤ ਮਾਰਨ ਦੀ ਲੋੜ ਹੈ। -ਪੀਟੀਆਈ