ਸ੍ਰੀਨਗਰ/ਸਹਾਰਨਪੁਰ, 19 ਅਕਤੂਬਰ
ਦਹਿਸ਼ਤਗਰਦਾਂ ਵੱਲੋਂ ਗੈਰ-ਕਸ਼ਮੀਰੀ ਪਰਵਾਸੀ ਕਾਮਿਆਂ ਤੇ ਹੋਰਨਾਂ ਘੱਟਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਤੋਂ ਖ਼ੌਫ਼ਜ਼ਦਾ ਵਾਦੀ ਵਿੱੱਚ ਨਿੱਕੇ ਮੋਟੇ ਕੰਮ ਕਰਕੇ ਆਪਣਾ ਡੰਗ ਸਾਰਦੇ ਲੋਕਾਂ ਵਿੱਚ ਬੇਯਕੀਨੀ ਦਾ ਮਾਹੌਲ ਘਰ ਕਰਨ ਲੱਗਾ ਹੈ। ਵੱਡੀ ਗਿਣਤੀ ਪਰਵਾਸੀ ਕਾਮੇ ਵਾਦੀ ਛੱਡ ਘਰਾਂ ਨੂੰ ਰੁਖ਼ਸਤ ਹੋਣ ਲੱਗੇ ਹਨ।
ਪੇਸ਼ੇ ਵਜੋਂ ਤਰਖਾਣ ਜਹਾਂਗੀਰ(28) ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਾਲ ਸਬੰਧਤ ਹੈ। ਉਸ ਦੇ ਪਿਤਾ ਨੂੰ ਲੰਘੇ ਸ਼ਨਿੱਚਰਵਾਰ ਨੂੰ ਦੱਖਣੀ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ। ਜਹਾਂਗੀਰ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੱਡਾ ਸਵਾਲ ਹੈ। ਜਹਾਂਗੀਰ ਨੇ ਸਹਾਰਨਪੁਰ ਤੋਂ ਫੋਨ ’ਤੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਤੇ ਮੇਰੇ ਅੱਬਾ ਮਿਲ ਕੇ ਘਰ ਨੂੰ ਚਲਾਉਂਦੇ ਸੀ। ਪਰ ਹੁਣ ਮੈਂ ਇਸ ਗੱਲੋਂ ਪ੍ਰੇਸ਼ਾਨ ਹਾਂ ਕਿ ਹੁਣ ਇਥੇ ਬਹੁਤਾ ਕੰਮ ਨਹੀਂ ਹੈ ਤੇ ਮੈਂ ਕਸ਼ਮੀਰ ਵਿੱਚ ਆਪਣੀ ਪਿਤਾ ਦੀ ਥਾਂ ਕੰਮ ਕਰਨ ਬਾਰੇ ਵੀ ਨਹੀਂ ਸੋਚ ਸਕਦਾ।’’ ਅੰਸਾਰੀ ਦੇ ਛੋਟੇ ਭਰਾ ਨਸੀਮ ਨੇ ਕਿਹਾ ਕਿ ਪਰਿਵਾਰ ਮ੍ਰਿਤਕ ਦੇਹ ਖੁ਼ਦ ਸਹਾਰਨਪੁਰ ਲੈ ਕੇ ਆਇਆ, ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਨਹੀਂ ਕੀਤਾ। ਜਹਾਂਗੀਰ ਨੇ ਕਿਹਾ, ‘‘ਮੈਂ ਤੇ ਮੇਰੇ ਪਿਤਾ ਮਿਲ ਕੇ 15000 ਰੁਪਏ ਮਹੀਨਾ ਕਮਾ ਲੈਂਦੇ ਸੀ, ਪਰ ਹੁਣ ਉਨ੍ਹਾਂ ਦੀ ਮੌਤ ਮਗਰੋਂ ਮੈਨੂੰ ਨਹੀਂ ਪਤਾ ਕਿ ਅਸੀਂ ਕਿਵੇਂ ਪਰਿਵਾਰ ਚਲਾਵਾਂਗੇ।’’
ਵਾਦੀ ਵਿੱਚ ਗਾਰਮੈਂਟ ਦੀ ਦੁਕਾਨ ’ਚ ਕੰਮ ਕਰਦੇ ਬਿਹਾਰ ਵਾਸੀ ਸੂਰਜ ਗੈਰ-ਕਸ਼ਮੀਰੀ ਪਰਵਾਸੀ ਕਾਮਿਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਇਸ ਕਦਰ ਹਿਲ ਗਿਆ ਹੈ ਕਿ ਉਸ ਨੇ ਜਲਦੀ ਹੀ ਵਾਦੀ ਛੱਡਣ ਦੀ ਤਿਆਰੀ ਖਿੱਚ ਲਈ ਹੈ। ਸੂਰਜ ਨੇ ਕਿਹਾ, ‘‘ਮੈਂ ਦੁਕਾਨ ਤੋਂ ਹੁੰਦੀ ਕਮਾਈ ਨਾਲ ਦੋ ਡੰਗ ਦੀ ਰੋਟੀ ਚਲਾ ਰਿਹਾ ਸੀ। ਮੇਰਾ ਦੁਕਾਨ ਮਾਲਕ ਵੀ ਚੰਗਾ ਸੀ, ਪਰ ਹੁਣ ਮੈਨੂੰ ਆਪਣਾ ਭਵਿੱਖ ਧੁੰਦਲਾ ਦਿਸਣ ਲੱਗਾ ਹੈ।’’ ਗਾਜ਼ੀਆਬਾਦ ਦੇ ਹਾਪੁੜ ਨਾਲ ਸਬੰਧਤ ਜਾਵੇਦ ਇਥੇ ਸੈਲੂਨ ਵਿੱਚ ਕੰਮ ਕਰਦਾ ਹੈ। ਉਹ ਵੀ ਵਾਦੀ ਛੱਡਣ ਦੀ ਫਿਰਾਕ ਵਿੱਚ ਹੈ। ਉਸ ਨੇ ਕਿਹਾ, ‘‘ਹਵਾ ਵਿੱਚ ਇਕ ਅਜੀਬ ਜਿਹਾ ਖ਼ੌਫ਼ ਹੈ। ਸੈਲੂਨ ਦੇ ਮਾਲਕ ਮੇਰਾ ਧਿਆਨ ਰੱਖਦੇ ਹਨ, ਪਰ ਉਹ ਮੇਰੇ ਨਾਲ 24 ਘੰਟੇ ਨਹੀਂ ਰਹਿ ਸਕਦੇ। ਹੋਰ ਥਾਵਾਂ ’ਤੇ ਕੰਮ ਕਰਦੇ ਮੇਰੇ ਦੋਸਤ ਪਹਿਲਾਂ ਹੀ ਵਾਦੀ ’ਚੋਂ ਜਾ ਚੁੱਕੇ ਹਨ। ਮੰਦੇ ਭਾਗਾਂ ਨੂੰ ਮੈਨੂੰ ਨਵੇਂ ਸਿਰੇ ਤੋਂ ਸਭ ਕੁਝ ਸ਼ੁਰੂ ਕਰਨਾ ਹੋਵੇਗਾ।’’ ਕਾਬਿਲੇਗੌਰ ਹੈ ਕਿ ਵਾਦੀ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਉਂਦੇ ਲੋਕਾਂ ’ਚੋਂ ਬਹੁਤੇ ਸੇਬ ਦੇ ਬਾਗ਼ਾਂ ਜਾਂ ਫਿਰ ਕਾਰਡਬੋਰਡ ਤੇ ਕ੍ਰਿਕਟ ਬੈਟ ਬਣਾਉਣ ਵਾਲੀਆਂ ਫੈਕਟਰੀਆਂ ’ਚ ਕੰਮ ਕਰਦੇ ਹਨ ਤੇ ਛੇ ਮਹੀਨੇ ਤੋਂ ਵੱਧ ਸਮਾਂ ਵਾਦੀ ਵਿੱਚ ਲਾਉਣ ਮਗਰੋਂ ਸਰਦੀਆਂ ਆਉਣ ਤੋਂ ਪਹਿਲਾਂ ਇਥੋਂ ਨਿਕਲ ਜਾਂਦੇ ਹਨ, ਪਰ ਕੁਝ ਅਜਿਹੇ ਵੀ ਹਨ ਜੋ ਨਿੱਕਾ ਮੋਟਾ ਕੰਮਕਾਜ ਕਰਕੇ ਸਾਰਾ ਸਾਲ ਇਥੇ ਰਹਿੰਦੇ ਹਨ। -ਪੀਟੀਆਈ