ਨਵੀਂ ਦਿੱਲੀ, 19 ਜੁਲਾਈ
ਉਪ ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਵੱਖ ਵੱਖ ਪਾਰਟੀਆਂ ਦੇ ਕਈ ਆਗੂ ਮੌਜੂਦ ਸਨ। ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮਗਰੋਂ ਮਾਰਗਰੇਟ ਅਲਵਾ ਨੇ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਤੋਂ ਡਰ ਨਹੀਂ ਲੱਗਦਾ ਤੇ ਜਿੱਤਣਾ ਤੇ ਹਾਰਨਾ ਜ਼ਿੰਦਗੀ ਦਾ ਹਿੱਸਾ ਹੈ ਪਰ ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰਾਂ ਦਾ ਭਰੋਸਾ ਉਨ੍ਹਾਂ ਨੂੰ ਲੋਕਾਂ ਨੂੰ ਨੇੜੇ ਲਿਆਉਣ, ਸਮੱਸਿਆਵਾਂ ਦੇ ਸਾਂਝੇ ਹੱਲ ਲੱਭਣ ਤੇ ਮਜ਼ਬੂਤ ਤੇ ਇਕਜੁੱਟ ਭਾਰਤ ਦਾ ਨਿਰਮਾਣ ਕਾਰਨ ’ਚ ਮਦਦ ਕਰੇਗਾ।’ ਉਨ੍ਹਾਂ ਕਿਹਾ ਕਿ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਮੇਰੀ ਨਾਮਜ਼ਦਗੀ ਦਾ ਸਮਰਥਨ ਕਰਨ ਲਈ ਵਿਰੋਧੀ ਧਿਰ ਦਾ ਇਕੱਠਿਆਂ ਅੱਗੇ ਆਉਣਾ ਸਚਾਈ ਦਾ ਪ੍ਰਤੀਕ ਹੈ।
ਉਪ ਰਾਸ਼ਟਰਪਤੀ ਦੀ ਚੋਣ 6 ਅਗਸਤ ਨੂੰ ਹੋਣੀ ਹੈ, ਜਿਸ ਰਾਹੀਂ ਮੌਜੂਦਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੇ ਉੱਤਰਾਧਿਕਾਰੀ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਦੇ ਅਹੁਦੇ ਦੀ ਮਿਆਦ 10 ਅਗਸਤ ਨੂੰ ਖ਼ਤਮ ਹੋ ਰਹੀ ਹੈ।
ਅਲਵਾ (80) ਐੱਨਡੀਏ ਦੇ ਉਮੀਦਵਾਰ ਜਗਦੀਪ ਧਨਖੜ ਦੇ ਵਿਰੋਧ ’ਚ ਖੜ੍ਹੇ ਹਨ, ਜਿਨ੍ਹਾਂ ਸ਼ਨਿਚਰਵਾਰ ਸ਼ਾਮ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ ਮਗਰੋਂ ਪੱਛਮੀ ਬੰਗਾਲ ਦੇ ਰਾਜਪਾਲ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਅੱਜ ਅਲਵਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਵਿਰੋਧੀ ਪਾਰਟੀਆਂ ਦੇ ਕਈ ਆਗੂ ਮੌਜੂਦ ਸਨ, ਜਿਨ੍ਹਾਂ ਵਿੱਚ ਕਾਂਗਰਸ ਦੇ ਰਾਹੁਲ ਗਾਂਧੀ, ਐੱਨਸੀਪੀ ਦੇ ਸ਼ਰਦ ਪਵਾਰ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਅਰਜੁਨ ਖੜਗੇ ਤੇ ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ, ਸ਼ਿਵ ਸੈਨਾ ਤੋਂ ਸੰਜੈ ਰਾਊਤ, ਸਪਾ ਦੇ ਰਾਮ ਗੋਪਾਲ ਯਾਦਵ, ਡੀਐੱਮਕੇ ਤੋਂ ਤਿਰੂਚੀ ਸਿਵਾ, ਸੀਪੀਆਈ-ਐੱਮ ਦੇ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ ਰਾਜਾ ਤੇ ਐੱਮਡੀਐੱਮਕੇ ਦੇ ਵੈਕੋ ਵੀ ਮੌਜੂਦ ਸਨ। ਇਸ ਦੌਰਾਨ ਟੀਐੱਮਸੀ ਤੇ ਆਮ ਆਦਮੀ ਪਾਰਟੀ ਤੋਂ ਕੋਈ ਵੀ ਆਗੂ ਮੌਜੂਦ ਨਹੀਂ ਸਨ। ਇਹ ਦੋਵੇਂ ਪਾਰਟੀਆਂ ਮਾਰਗਰੇਟ ਅਲਵਾ ਨੂੰ ਵਿਰੋਧੀ ਧਿਰ ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸਾਂਝੀ ਉਮੀਦਵਾਰ ਐਲਾਨਣ ਸਬੰਧੀ ਰੱਖੀ ਮੀਟਿੰਗ ਵਿੱਚ ਵੀ ਮੌਜੂਦ ਨਹੀਂ ਸਨ ਹਾਲਾਂਕਿ ਸ੍ਰੀ ਪਵਾਰ ਨੇ ਕਿਹਾ ਕਿ ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੰਪਰਕ ’ਚ ਹਨ। ਅੱਜ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਆਖ਼ਰੀ ਦਿਨ ਸੀ। -ਪੀਟੀਆਈ