ਨੋਇਡਾ, 5 ਅਗਸਤ
ਇੱਥੇ ਇਕ 19 ਸਾਲਾ ਲੜਕੀ ਨੂੰ ਆਟੋ ਰਿਕਸ਼ਾ ਵਿਚ ਜ਼ਬਰਦਸਤੀ ਲਿਜਾ ਰਹੇ ਦੋ ਵਿਅਕਤੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਲੜਕੀ ਨੂੰ ਪਲੀਸ ਨੇ ‘ਨਾਲੇਜ ਪਾਰਕ ਇਲਾਕੇ’ ਵਿਚੋਂ ਬੁੱਧਵਾਰ ਸੁਵੱਖਤੇ ਬਚਾਇਆ। ਇਸ ਦੌਰਾਨ ਪੁਲੀਸ ਨੂੰ ਮੁਲਜ਼ਮਾਂ ਦਾ ਪਿੱਛਾ ਕਰਨਾ ਪਿਆ ਤੇ ਗੋਲੀ ਵੀ ਚਲਾਉਣੀ ਪਈ। ਦੋਵੇਂ ਫੱਟੜ ਹੋ ਗਏ। ਘਟਨਾ ‘ਨਾਲੇਜ ਪਾਰਕ’ ਵਿਚ ਅੱਧੀ ਰਾਤ ਕਰੀਬ ਇਕ ਵਜੇ ਵਾਪਰੀ ਹੈ। ਗ੍ਰੇਟਰ ਨੋਇਡਾ ਦੇ ਏਡੀਸੀ (ਪੁਲੀਸ) ਵਿਸ਼ਾਲ ਪਾਂਡੇ ਨੇ ਦੱਸਿਆ ਕਿ ਪੁਲੀਸ ਨੇ ਹਿੰਡਨ ਪੁਸਟਾ ਸੜਕ ਉਤੇ ਨਾਕਾ ਲਾਇਆ ਹੋਇਆ ਸੀ ਜਿੱਥੇ ਇਲਾਕੇ ਦੇ ਥਾਣਾ ਮੁਖੀ ਨੇ ਇਕ ਆਟੋ ਰਿਕਸ਼ਾ ਨੂੰ ਰੁਕਣ ਲਈ ਇਸ਼ਾਰਾ ਕੀਤਾ। ਪਰ ਉਹ ਰੁਕਿਆ ਨਹੀਂ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਟੀਮ ਨੇ ਵਾਹਨ ਵਿਚ ਲੜਕੀ ਦੀਆਂ ਚੀਕਾਂ ਸੁਣੀਆਂ ਤੇ ਇਸ ਦਾ ਪਿੱਛਾ ਕੀਤਾ। ਇਸੇ ਦੌਰਾਨ ਚਾਲਕ ਨੇ ਆਟੋ ਰਿਕਸ਼ਾ ਰੋਕ ਕੇ ਆਪਣੇ ਸਾਥੀ ਨਾਲ ਪੁਲੀਸ ਟੀਮ ਉਤੇ ਗੋਲੀ ਚਲਾ ਦਿੱਤੀ। ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤੇ ਦੋਵਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ। ਮੁਲਜ਼ਮ ਹਸਪਤਾਲ ਦਾਖ਼ਲ ਹਨ ਤੇ ਉਨ੍ਹਾਂ ਦੀ ਸ਼ਨਾਖ਼ਤ ਨਦੀਮ ਵਾਸੀ ਬਿਜਨੌਰ ਤੇ ਇਮਰਾਨ ਵਾਸੀ ਨੋਇਡਾ ਵਜੋਂ ਹੋਈ ਹੈ। -ਪੀਟੀਆਈ