ਨੋਇਡਾ, 20 ਅਪਰੈਲ
ਕਰੋਨਾ ਦੇ ਵਧਦੇ ਕੇਸਾਂ ਤੇ ਹਸਪਤਾਲਾਂ ਵਿਚ ਬਿਸਤਰਿਆਂ ਦੀ ਘਾਟ ਕਾਰਨ ਮਰੀਜ਼ ਘਰਾਂ ਵਿਚ ਹੀ ਰਹਿਣ ਲਈ ਮਜਬੂਰ ਹਨ। ਇਥੋਂ ਦੇ ਸੈਕਟਰ-18 ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਨੇ ਅਜਿਹੇ ਮਰੀਜ਼ਾਂ ਲਈ ਪਹਿਲਕਦਮੀ ਕੀਤੀ ਹੈ। ਇਸ ਗੁਰਦੁਆਰੇ ਦੇ ਸੇਵਾਦਾਰਾਂ ਵਲੋਂ ਕਰੋਨਾ ਮਰੀਜ਼ਾਂ ਨੂੰ ਦਿਨ ਵਿਚ ਦੋ ਸਮੇਂ ਦਾ ਖਾਣਾ ਉਨ੍ਹਾਂ ਦੇ ਦਰਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਗੁਰਦੁਆਰੇ ਦੇ ਹੈਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਸਾਲ ਸਤੰਬਰ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਰੋਨਾ ਦੇ ਹਾਲਤ ਸੁਧਰਨ ਕਾਰਨ ਇਹ ਸੇਵਾ ਕੁਝ ਸਮੇਂ ਲਈ ਬੰਦ ਕਰ ਦਿੱਤੀ ਸੀ ਜੋ ਹੁਣ ਮੁੜ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੂੰ ਨੋਇਡਾ ਤੋਂ ਹਟ ਕੇ ਵੀ ਫੋਨ ਆ ਰਹੇ ਹਨ ਪਰ ਸੇਵਾਦਾਰਾਂ ਦੀ ਘਾਟ ਕਾਰਨ ਉਹ ਦੂਰ ਰਹਿੰਦੇ ਮਰੀਜ਼ਾਂ ਨੂੰ ਖਾਣਾ ਮੁਹੱਈਆ ਨਹੀਂ ਕਰਵਾ ਸਕਦੇ। -ਆਈਏਐਨਐਸ