ਨੋਇਡਾ, 11 ਅਪਰੈਲ
ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਇਕ ਪਿੰਡ ਵਿਚ ਅੱਜ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਤੇ 150 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਪੁਲੀਸ ਮੁਤਾਬਕ ਅੱਗ ਬਹਿਲੋਲਪੁਰ ਪਿੰਡ ਨੇੜੇ ਜੇਜੇ ਕਲੱਸਟਰ ’ਚ ਦੁਪਹਿਰੇ ਇਕ ਵਜੇ ਲੱਗੀ। ਅੱਗ ਉਤੇ ਕਾਬੂ ਪਾਉਣ ਲਈ ਕਰੀਬ ਦਰਜਨ ਫਾਇਰ ਟੈਂਡਰ ਭੇਜੇ ਗਏ। ਕੇਂਦਰੀ ਨੋਇਡਾ ਦੇ ਡੀਸੀਪੀ ਹਰੀਸ਼ ਚੰਦਰ ਨੇ ਦੱਸਿਆ ਕਿ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ ਪਰ ਹਵਾ ਕਾਰਨ ਧੂੰਆਂ ਹਾਲੇ ਨਿਕਲ ਰਿਹਾ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਇਲਾਵਾ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਦੇ ਇਕ ਘਰ ਵਿਚ ਐਤਵਾਰ ਤੜਕੇ ਅੱਗ ਲੱਗਣ ਤੋਂ ਬਾਅਦ ਪੰਜ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ ਚਾਰ ਗੱਡੀਆਂ ਮੌਕੇ ਉਤੇ ਗਈਆਂ। ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰੇਟਰ ਕੈਲਾਸ਼ ਵਿਚ ਇਕ ਇਮਾਰਤ ਦੀ ਪਹਿਲੀ ਮੰਜ਼ਲ ’ਤੇ ਅੱਗ ਲੱਗੀ ਤੇ ਇਸ ਤੋਂ ਉਪਰਲੀ ਮੰਜ਼ਲ ਉਤੇ ਰਹਿ ਰਹੇ ਲੋਕ ਅੰਦਰ ਫਸ ਗਏ। ਅੱਗ ’ਤੇ ਸਵੇਰੇ ਕਰੀਬ ਪੰਜ ਵਜੇ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਕਾਰਨ ਏਸੀ ਦੇ ਸਟੇਬਲਾਈਜ਼ਰ ਵਿਚ ਸ਼ਾਰਟ ਸਰਕਟ ਹੋਣਾ ਸੀ। ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ਵਿਚ ਵੀ ਸ਼ਨਿਚਰਵਾਰ ਦੇਰ ਰਾਤ ਅੱਗ ਲੱਗ ਗਈ। ਹਾਦਸੇ ’ਚ ਕਈ ਦੁਕਾਨਾਂ ਤਬਾਹ ਹੋ ਗਈਆਂ। -ਪੀਟੀਆਈ