ਈਟਾਨਗਰ: ਅਰੁਣਾਚਲ ਪ੍ਰਦੇਸ਼ ’ਚੋਂ ਸਭ ਤੋਂ ਪਹਿਲਾਂ ਹਿਮਾਲਿਆ ਦੀ ਚੋਟੀ ਫ਼ਤਹਿ ਕਰਨ ਵਾਲੇ ਤਾਪੀ ਮ੍ਰਾ ਤੇ ਉਨ੍ਹਾਂ ਦਾ ਸਾਥੀ ਨਿਕੂ ਦਾਓ ਲਗਪਗ ਇੱਕ ਮਹੀਨੇ ਤੋਂ ਲਾਪਤਾ ਹਨ ਤੇ ਹੁਣ ਤੱਕ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਮਿਲ ਸਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਾਪੀ ਤੇ ਦਾਓ ਜਦੋਂ ਲਾਪਤਾ ਹੋਏ ਤਾਂ ਉਹ ਅਰੁਣਾਚਲ ਪ੍ਰਦੇਸ਼ ਦੀਆਂ ਸਭ ਤੋਂ ਉੱਚੀਆਂ ਚੋਟੀਆਂ ’ਚੋਂ ਇੱਕ ਮਾਊਂਟ ਕਿਆਰੀਸਾਟਮ ਨੂੰ ਫ਼ਤਹਿ ਕਰਨ ਦੇ ਮਿਸ਼ਨ ’ਤੇ ਸਨ। ਸੂਬੇ ਦੇ ਖੇਡ ਤੇ ਨੌਜਵਾਨਾਂ ਨਾਲ ਸਬੰਧਤ ਮਾਮਲਿਆਂ ਦੇ ਮੰਤਰੀ ਮਾਮਾ ਨਟੁੰਗ ਦਾ ਕਹਿਣਾ ਹੈ ਕਿ ਸੈਨਾ ਵੱਲੋਂ ਦੋਵਾਂ ਦੀ ਹਵਾਈ ਤਲਾਸ਼ ਕੀਤੀ ਗਈ ਹੈ, ਪਰ ਹਾਲੇ ਤੱਕ ਉਨ੍ਹਾਂ ਬਾਰੇ ਕੋਈ ਖ਼ਬਰ ਨਹੀਂ ਮਿਲ ਸਕੀ ਹੈ। ਹੁਣ ਸੈਨਾ ਦੇ ਨੌਂ ਜਵਾਨ ਤੇ ਤਿੰਨ ਸਥਾਨਕ ਪਰਬਤਾਰੋਹੀ ਜ਼ਮੀਨੀ ਪੱਧਰ ਉਨ੍ਹਾਂ ਦੀ ’ਤੇ ਤਲਾਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਦੋਵੇਂ 27 ਜੁਲਾਈ ਨੂੰ ਪੂਰਬੀ ਕਾਵੇਂਗ ਜ਼ਿਲ੍ਹੇ ਦੇ ਪਿੰਡ ਸਰਿਓ-ਸਰਿਆ ਤੋਂ ਸੱਤ ਕੂਲੀਆਂ ਸਣੇ ਇਸ ਮਿਸ਼ਨ ’ਤੇ ਨਿੱਕਲੇ ਸਨ ਤੇ 17 ਅਗਸਤ ਤੋਂ ਬਾਅਦ ਉਹ ਲਾਪਤਾ ਹੋ ਗਏ ਸਨ। -ਪੀਟੀਆਈ