ਨਵੀਂ ਦਿੱਲੀ, 14 ਜੂਨ
ਸਾਰਸ-ਕੋਵ-2 ਦੇ ਡੈਲਟਾ ਵੇਰੀਐਂਟ ਦੀ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਨਵੀਂ ਕਿਸਮ ‘ਡੈਲਟਾ ਪਲੱਸ’ ਜਾਂ ‘ਏਵਾਈ.1’ ਵੇਰੀਐਂਟ ਦੀ ਪਛਾਣ ਹੋਈ ਹੈ। ਪਰ ਨਾਲ ਹੀ ਵਿਗਿਆਨੀਆਂ ਨੇ ਕਿਹਾ ਕਿ ਫਿਲਹਾਲ ਦੇਸ਼ ’ਚ ਇਸ ਸਬੰਧੀ ਮਾਮਲੇ ਘੱਟ ਹੋਣ ਕਾਰਨ ਹਾਲੇ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਨਵੇਂ ਡੈਲਟਾ ਪਲੱਸ ਵੇਰੀਐਂਟ ਦੀ ਰਚਨਾ ਡੈਲਟਾ ਜਾਂ ਬੀ.1.617.2 ਦੇ ਪਰਿਵਰਤਨ ਕਾਰਨ ਹੋਈ ਹੈ। ਡੈਲਟਾ ਜਾਂ ਬੀ.1.617.2 ਦੀ ਪਛਾਣ ਸਭ ਤੋਂ ਪਹਿਲਾਂ ਭਾਰਤ ’ਚ ਵਿੱਚ ਹੋਈ ਸੀ ਅਤੇ ਇਹ ਘਾਤਕ ਦੂਜੀ ਲਹਿਰ ਦੇ ਫੈਲਾਅ ਲਈ ਜ਼ਿੰਮੇਵਾਰ ਕਾਰਕਾਂ ਵਿੱਚੋਂ ਇੱਕ ਸੀ। ਹਾਲਾਂਕਿ ਨਵੇਂ ਵੇਰੀਐਂਟ ਕਾਰਨ ਇਸ ਰੋਗ ਦੇ ਗੰਭੀਰ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਦਿੱਲੀ ਦੇ ਸੀਐੱਸਆਈਆਰ-ਇੰਸਟੀਚਿਊਟ ਆਫ ਜੀਨੋਮਿਕਸ ਐਂਡ ਇੰਟੀਗਰੇਟਿਵ ਬਾਇਓਲੋਜੀ (ਆਈਜੀਆਈਬੀ) ਦੇ ਵਿਨੋਦ ਸਕਾਰੀਆ ਨੇ ਐਤਵਾਰ ਨੂੰ ਟਵੀਟ ਕੀਤਾ, ‘ਨਵੀਂਆਂ ਉੱਭਰ ਰਹੀਆਂ ਕਿਸਮਾਂ (ਵੇਰੀਐਂਟਸ) ਵਿੱਚੋਂ ਇੱਕ ਬੀ.1.617.2.1, ਜਿਸ ਨੂੰ ਏਵਾਈ.1 ਵਜੋਂ ਜਾਣਿਆਂ ਜਾਂਦਾ ਹੈ, ਵਿੱਚ ਕੇ417ਐੱਨ ਰੂਪ ਵਿੱਚ ਬਦਲਣ ਦੀ ਵਿਸ਼ੇਸ਼ਤਾ ਹੈ।’ ਉਨ੍ਹਾਂ ਕਿਹਾ ਕਿ ਬਦਲੇ ਹੋਏ ਸਾਰਸ-ਕੋਵ-2 ਦੇ ਸਪਾਈਕ ਵਿੱਚ ਪ੍ਰੋਟੀਨ ਹੈ, ਜਿਹੜਾ ਵਾਇਰਸ ਨੂੰ ਮਨੁੱਖ ਦੇ ਸਰੀਰ ’ਚ ਦਾਖਲ ਹੋਣ ਅਤੇ ਮਨੁੱਖੀ ਸੈੱਲਾਂ ਨੂੰ ਪ੍ਰਭਾਵਿਤ ਕਰਨ ’ਚ ਮਦਦ ਕਰਦਾ ਹੈ। ਪਬਲਿਕ ਹੈਲਥ ਇੰਗਲੈਂਡ ਮੁਤਾਬਕ ਜੀਆਈਐੱਸਏਆਈਡੀ ’ਤੇ ਹੁਣ ਤੱਕ ਡੈਲਟਾ (ਬੀ.1.617.2) ਦੇ 63 ਜੀਨੋਮਾਂ ਦੀ ਪਛਾਣ ਹੋ ਚੁੱਕੀ ਹੈ, ਜਿਸ ਵਿੱਚ ਨਵਾਂ ਕੇ417ਐੱਨ ਰੂਪ ਵੀ ਸ਼ਾਮਲ ਹੈ। ਸਿਹਤ ਏਜੰਸੀ ਨੇ ਕਿਹਾ ਕਿ ਕਰੋਨਾਵਾਇਰਸ ਵੇਰੀਐਂਟਸ ਬਾਰੇ ਸੱਜਰੀ ਰਿਪੋਰਟ, ਜੋ ਕਿ ਲੰਘੇ ਸ਼ੁੱਕਰਵਾਰ ਨੂੰ ਅਪਡੇਟ ਕੀਤੀ ਗਈ, ਮੁਤਾਬਕ 7 ਜੂਨ ਤੱਕ ਭਾਰਤ ’ਚ 6 ਜੀਨੋਮਾਂ ਵਿੱਚ ਇਹ ਡੈਲਟਾ ਮੌਜੂਦ ਸੀ। -ਪੀਟੀਆਈ