ਨਾਗਪੁਰ, 14 ਫਰਵਰੀ
ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਫਾਸਟੈਗ ਨੂੰ ਲਾਗੂ ਕਰਨ ਦੀ ਆਖਰੀ ਤਰੀਕ ਹੋਰ ਨਹੀਂ ਵਧਾਈ ਜਾਵੇਗੀ ਅਤੇ ਵਾਹਨ ਮਾਲਕਾਂ ਨੂੰ ਤੁਰੰਤ ਈ-ਭੁਗਤਾਨ ਦੀ ਸਹੂਲਤ ਅਪਣਾਉਣੀ ਚਾਹੀਦੀ ਹੈ। ਕੇਂਦਰ ਸਰਕਾਰ ਨੇ ਫਾਸਟੈਗ ਦੀ ਆਖਰੀ ਮਿਤੀ 1 ਜਨਵਰੀ 2021 ਤੋਂ ਵਧਾ ਕੇ 15 ਫਰਵਰੀ 2021 ਕੀਤੀ ਹੋਈ ਹੈ। ਫਾਸਟੈਗ, ਜੋ ਟੌਲ ਪਲਾਜ਼ਿਆਂ ’ਤੇ ਈ-ਭੁਗਤਾਨ ਦੀ ਸਹੂਲਤ ਦਿੰਦਾ ਹੈ, ਸਾਲ 2016 ਵਿੱਚ ਸ਼ੁਰੂ ਕੀਤਾ ਗਿਆ ਸੀ। ਫਾਸਟੈਗ ਨੂੰ ਲਾਜ਼ਮੀ ਕੀਤੇ ਜਾਣ ਨਾਲ ਵਾਹਨਾਂ ਦੀ ਟੌਲ ਪਲਾਜ਼ਿਆਂ ’ਤੇ ਸੁਖਾਲੀ ਆਵਾਜਾਈ ਯਕੀਨੀ ਬਣਾਉਣ ਵਿੱਚ ਵੀ ਮਦਦ ਮਿਲੇਗੀ, ਕਿਉਂਕਿ ਫੀਸ ਦੀ ਅਦਾਇਗੀ ਇਲੈਕਟ੍ਰੋਨੀਕਲੀ ਹੋਵੇਗੀ। ਫਾਸਟੈਗ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਗਡਕਰੀ ਨੇ ਕਿਹਾ ਕਿ ਸਰਕਾਰ ਫਾਸਟੈਗ ਰਜਿਸਟ੍ਰੇਸ਼ਨ ਦੀ ਤਰੀਕ ਨੂੰ ਦੋ-ਤਿੰਨ ਵਾਰ ਵਧਾ ਚੁੱਕੀ ਹੈ ਤੇ ਹੁਣ ਅੱਗੇ ਇਸ ਵਿੱਚ ਵਾਧਾ ਨਹੀਂ ਹੋਵੇਗਾ। ਗਡਕਰੀ ਨੇ ਕਿਹਾ ਕਿ ਕੁਝ ਰੂਟਾਂ ’ਤੇ ਫਾਸਟੈਗ ਰਜਿਸਟ੍ਰੇਸ਼ਨ 90 ਫੀਸਦ ਤੱਕ ਹੋ ਚੁੱਕੀ ਹੈ। ਫਾਸਟੈਗ ਦੀ ਸਹੂਲਤ ਟੌਲ ਨਾਕਿਆਂ ’ਤੇ ਉਪਲੱਬਧ ਹੈ। -ਪੀਟੀਆਈ