ਸ੍ਰੀਨਗਰ, 21 ਜੂਨ
ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਵਿਰੋਧ ਮਗਰੋਂ ਜੰਮੂ ਤੇ ਕਸ਼ਮੀਰ ਸਰਕਾਰ ਨੇ ਅੱਜ ਕਿਹਾ ਕਿ ਉਸ ਦਾ ਵਾਦੀ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਕੋਈ ਇਰਾਦਾ ਨਹੀਂ ਹੈ। ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫ਼ਾਰੂਕ ਦੀ ਅਗਵਾਈ ਵਾਲੀ ਸਮਾਜਿਕ-ਧਾਰਮਿਕ ਜਥੇਬੰਦੀਆਂ ਦੇ ਰਲੇਵੇਂ ਵਾਲੀ ਮੁਤਾਹਿਦਾ ਮਜਲਿਸ-ਏ-ਊਲੇਮਾ ਨੇ ਕਿਹਾ ਕਿ ਵਾਦੀ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਕਿਸੇ ਵੀ ਪੇਸ਼ਕਦਮੀ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਐੱਮਐੱਮਯੂ ਨੇ ਇਕ ਬਿਆਨ ਵਿੱਚ ਕਿਹਾ ਕਿ ਸੋਸ਼ਲ ਮੀਡੀਆ ’ਤੇ ਘੁੰਮ ਰਹੇ ਸਰਕਾਰੀ ਹੁਕਮਾਂ ਮੁਤਾਬਕ ਸਰਕਾਰ ਦੀ ਵਾਦੀ ਵਿੱਚ 67 ਵੱਖ ਵੱਖ ਥਾਵਾਂ ’ਤੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਯੋਜਨਾ ਹੈ। ਵਾਦੀ ਦੇ ਮੁਸਲਮਾਨ ਦੇ ਇਸ ਗੱਲੋਂ ਨਾ ਸਿਰਫ਼ ਫਿਕਰਮੰਦ ਹਨ ਬਲਕਿ ਉਨ੍ਹਾਂ ਵਿੱਚ ਰੋਸ ਹੈ। ਉਧਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਤ ਵਿਭਾਗ ਨੇ ਕਿਹਾ ਕਿ ਉਸ ਨੇ ਸ਼ਰਾਬ ਦੇ ਸੱਜਰੇ ਲਾਇਸੈਂਸ ਜਾਰੀ ਕਰਨ ਬਾਰੇ ਅਜੇ ਤਕ ਕੋਈ ਨੀਤੀਗਤ ਫੈਸਲਾ ਨਹੀਂ ਕੀਤਾ। -ਪੀਟੀਆਈ