ਨਵੀਂ ਦਿੱਲੀ, 16 ਜੁਲਾਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਸੰਪਰਕ ਨਿਰਮਾਣ ਇੱਕ ਭਰੋਸੇ ਵਾਲਾ ਕੰਮ ਹੈ ਕਿਉਂਕਿ ਇਹ ਇੱਕਪਾਸੜ ਨਹੀਂ ਹੋ ਸਕਦਾ ਅਤੇ ਇਸ ਵਿੱਚ ਪ੍ਰਭੂਸੱਤਾ ਅਤੇ ਖੇਤਰੀ ਇੱਕਜੁੱਟਤਾ ਦਾ ਸਨਮਾਨ ਕੌਮਾਂਤਰੀ ਸਬੰਧਾਂ ਦਾ ਮੂੁਲ ਸਿਧਾਂਤ ਹੈ।
ਤਾਸ਼ਕੰਦ ਵਿੱਚ ਇੱਕ ਖੇਤਰੀ ਕਾਨਫਰੰਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਤਾਲਮੇਲ ਦੀਆਂ ਕੋਸ਼ਿਸ਼ਾਂ ਜ਼ਰੂਰ ਆਰਥਿਕ ਵਿਹਾਰਕਤਾ ਅਤੇ ਵਿੱਤੀ ਜ਼ਿੰਮੇਵਾਰੀ ਅਧਾਰਿਤ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਕਰਜ਼ ਦਾ ਬੋਝ ਨਹੀਂ ਵਧਾਉਣਾ ਚਾਹੀਦਾ। ਜੈਸ਼ੰਕਰ ਦੀ ਇਸ ਟਿੱਪਣੀ ਨੂੰ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਸ੍ਰੀ ਜੈਸ਼ੰਕਰ ਨੇ ਕਿਹਾ ਕਿ ਕੋਈ ਵੀ ਗੰਭੀਰ ਸੰਪਰਕ ਪਹਿਲ ਕਦੇ ਵੀ ਇਕਪਾਸੜ ਨਹੀਂ ਹੋ ਸਕਦੀ ਅਤੇ ਅਸਲ ਮੁੱਦੇ ‘ਸੋਚ ਦੇ ਹਨ, ਵਿਵਾਦ ਦੇ ਨਹੀਂ।’ ਉਨ੍ਹਾਂ ਕਿਹਾ ਕਿ ਅਜਿਹੇ ਸੰਪਰਕ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੋਵੇਗਾ ਜਿਸ ਵਿੱਚ ਸਿਧਾਂਤਾਂ ਦੀ ਗੱਲ ਕੀਤੀ ਜਾਵੇ ਪਰ ਵਿਹਾਰ ਇਸ ਦੇ ਉਲਟ ਹੋਵੇ।
ਜ਼ਿਕਰਯੋਗ ਹੈ ਕਿ ਚੀਨ ਦੇ ਬੀਆਰਆਈ ਪਹਿਲ ਦੀ ਆਲਮੀ ਪੱਧਰ ’ਤੇ ਆਲੋਚਨਾ ਹੁੰਦੀ ਰਹੀ ਹੈ, ਕਿਉਂਕਿ ਇਸ ਕਾਰਨ ਕਈ ਦੇਸ਼ ਚੀਨ ਦੇ ਕਰਜ਼ੇ ਥੱਲੇ ਦੱਬੇ ਗਏ ਹਨ।
ਜੈਸ਼ੰਕਰ ਨੇ ਕਿਹਾ ਕਿ ਕੇਂਦਰੀ ਏਸ਼ੀਆ ਅਤੇ ਦੱਖਣੀ ਏਸ਼ੀਆ ਵਿਚਕਾਰ ਸੰਪਰਕ ਵਧਾਉਂਦੇ ਸਮੇਂ ਸਿਰਫ ਬੁਨਿਆਦੀ ਢਾਂਚੇ ਨੂੰ ਹੀ ਨਹੀਂ ਬਲਕਿ ਉਸ ਦੇ ਸਬੰਧਤ ਸਾਰੇ ਮੁਹਾਜ਼ਾਂ ਨੂੰ ਵੀ ਦੇਖਣ ਦੀ ਲੋੜ ਹੈ।
ਉਜ਼ਬੇਕਿਸਤਾਨ ਦੀ ਮੇਜ਼ਬਾਨੀ ਵਿੱਚ ‘ਕੇਂਦਰੀ ਤੇ ਦੱਖਣੀ ਏਸ਼ੀਆ: ਸੰਪਰਕ’ ਵਿਸ਼ੇ ’ਤੇ ਕਾਨਫਰੰਸ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਅਫ਼ਗਾਨਿਸਤਾਨ ਦੇ ਪ੍ਰਧਾਨ ਮੰਤਰੀ ਅਸ਼ਰਫ ਗਨੀ ਅਤੇੇ ਲੱਗਪਗ ਦੇਸ਼ਾਂ ਦੇ ਨੇਤਾ ਸ਼ਾਮਲ ਹੋਏ। -ਪੀਟੀਆਈ