ਹਵੇਰੀ(ਕਰਨਾਟਕ), 1 ਮਾਰਚ
ਯੂਕਰੇਨ ਦੇ ਖਾਰਕੀਵ ਵਿੱਚ ਫਸੇ ਵਿਦਿਅਰਥੀਆਂ ਦੀ ਸਾਰ ਲੈਣ ਲਈ ਭਾਰਤੀ ਸਫਾਰਤਖਾਨੇ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ। ਇਹ ਦੋਸ਼ ਯੂਕਰੇਨ ਤੇ ਰੂਸੀ ਫੌਜ ਵਿਚਾਲੇ ਜਾਰੀ ਗੋਲਾਬਾਰੀ ਵਿੱਚ ਮਾਰੇ ਗਏ ਕਰਨਾਟਕ ਦੇ ਵਿਦਿਆਰਥੀ ਦੇ ਪਿਤਾ ਨੇ ਲਾਇਆ। ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ ਉਨ੍ਹਾਂ ਦਾ ਪੁੱਤਰ ਨਵੀਨ ਸ਼ੇਖਰੱਪਾ ਮੈਡੀਸਨ ਦੀ ਪੜ੍ਹਾਈ ਕਰ ਰਿਹਾ ਸੀ ਤੇ ਖਾਰਕੀਵ ਮੈਡੀਕਲ ਕਾਲਜ ਵਿੱਚ ਚੌਥੇ ਸਾਲ ਦਾ ਵਿਦਿਆਰਥੀ ਸੀ। ਨਵੀਨ ਦੇ ਚਾਚਾ ਉਜਨਗੌੜਾ ਨੇ ਦਾਅਵਾ ਕੀਤਾ ਕਿ ਉਹ ਕੁਝ ਨਕਦੀ ਵਟਾਉਣ ਅਤੇ ਕੁਝ ਖਾਣਾ ਲੈਣ ਲਈ ਆਪਣੇ ਬੰਕਰ ਤੋਂ ਬਾਹਰ ਨਿਕਲਿਆ ਸੀ ਕਿ ਗੋਲਾਬਾਰੀ ਵਿੱਚ ਮਾਰਿਆ ਗਿਆ। ਯੂਰੋਪੀਅਨ ਯੂਨੀਅਨ ਦੇ ਦੁੂਰ ਦੁਰੇਡੇ ਸਥਿਤ ਇਸ ਮੁਲਕ ਵਿੱਚ ਆਪਣੇ ਪੁੱਤਰ ਦੀ ਮੌਤ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਪੀੜਤ ਦੇ ਚਾਲਾਹੇੜੀ ਸਥਿਤ ਘਰ ਵਿੱਚ ਸੋਗ ਦੀ ਲਹਿਰ ਹੈ। ਵੱਡੀ ਗਿਣਤੀ ਲੋਕ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚ ਰਹੇ ਹਨ। ਇਸ ਹਾਦਸੇ ਦਾ ਪਤਾ ਚੱਲਣ ’ਤੇ ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਗਿਆਨਗੌਡਰ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਦੁੱਖ ਵੰਡਾਇਆ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਪੁੱਤਰ ਦੀ ਮਿ੍ਤਕ ਦੇਹ ਭਾਰਤ ਲਿਆਉਣ ਲਈ ਪੂਰੀ ਕੋਸ਼ਿਸ਼ ਕਰਨਗੇ ਤੇ ਉਹ ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ। -ਏਜੰਸੀ