ਨਵੀਂ ਦਿੱਲੀ, 8 ਅਕਤੂਬਰ
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਕਿਹਾ ਹੈ ਕਿ ਲਖੀਮਪੁਰ ਖੀਰੀ ਮਾਮਲੇ ਨਾਲ ਕਾਂਗਰਸ ਦੀ ਅਗਵਾਈ ਹੇਠਲੀ ਵਿਰੋਧੀ ਧਿਰ ਦੇ ਮੁੜ ਪੈਰਾਂ ’ਤੇ ਖੜ੍ਹੇ ਹੋਣ ਦੀ ਆਸ ਲਗਾ ਰਹੇ ਲੋਕਾਂ ਨੂੰ ਨਿਰਾਸ਼ਾ ਹੋ ਸਕਦੀ ਹੈ ਕਿਉਂਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨਾਲ ਜੁੜੀਆਂ ਸਮੱਸਿਆਵਾਂ ਦਾ ਕੋਈ ਫੌਰੀ ਹੱਲ ਨਹੀਂ ਹੈ। ਉਨ੍ਹਾਂ ਇਹ ਟਿੱਪਣੀ ਉਸ ਸਮੇਂ ਕੀਤੀ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਤੱਕ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ’ਚ ਸ਼ਾਮਲ ਹੋਣ ਦਾ ਕਿਆਸ ਲਾਇਆਂ ਜਾ ਰਿਹਾ ਸੀ। ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ,‘‘ਲਖੀਮਪੁਰ ਖੀਰੀ ਦੀ ਘਟਨਾ ਦੇ ਆਧਾਰ ’ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਅਗਵਾਈ ਹੇਠ ਵਿਰੋਧੀ ਧਿਰ ਦੇ ਫੌਰੀ ਅਤੇ ਸੁਭਾਵਿਕ ਤੌਰ ’ਤੇ ਖੜ੍ਹੇ ਹੋਣ ਦੀ ਆਸ ਲਗਾ ਰਹੇ ਲੋਕ ਨਿਰਾਸ਼ ਹੋ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਸਭ ਤੋਂ ਪੁਰਾਣੀ ਪਾਰਟੀ ’ਚ ਲੰਮੇ ਸਮੇਂ ਤੋਂ ਜੜ੍ਹਾਂ ਤੱਕ ਡੂੰਘੀਆਂ ਫੈਲ ਚੁੱਕੀਆਂ ਸਮੱਸਿਆਵਾਂ ਅਤੇ ਢਾਂਚਾਗਤ ਕਮਜ਼ੋਰੀਆਂ ਦਾ ਕੋਈ ਫੌਰੀ ਹੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਐੱਮ ਵੀਰੱਪਾ ਮੋਇਲੀ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ’ਚ ਸ਼ਾਮਲ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਸੀ ਅਤੇ ਕਿਹਾ ਸੀ ਕਿ ਜਿਹੜੇ ਉਸ ਦੇ ਪਾਰਟੀ ’ਚ ਦਾਖ਼ਲੇ ਦਾ ਵਿਰੋਧ ਕਰ ਰਹੇ ਹਨ, ਉਹ ‘ਸੁਧਾਰ ਵਿਰੋਧੀ’ ਹਨ। -ਪੀਟੀਆਈ