ਪਣਜੀ, 23 ਜਨਵਰੀ
ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ਦਰਮਿਆਨ ਤ੍ਰਿਣਮੂਲ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਗੱਠਜੋੜ ਦੀ ਤਜਵੀਜ਼ ਬਾਰੇ ਉਨ੍ਹਾਂ ਦਾ ਕੋਈ ਵਿਚਾਰ ਨਹੀਂ ਹੈ ਕਿਉਂਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਨੇ ਸੂਬੇ ਵਿੱਚ ਕਾਂਗਰਸੀ ਆਗੂਆਂ ਨੂੰ ਆਪਣੀ ਪਾਰਟੀ ’ਚ ਮਿਲਾ ਲਿਆ ਹੈ। ਉਨ੍ਹਾਂ ਦਾ ਇਹ ਬਿਆਨ ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਵੱਲੋਂ ਦਿੱਤੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇਕਰ ਕਾਂਗਰਸ ਗੋਆ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ’ਚ ਅਸਫ਼ਲ ਰਹਿੰਦੀ ਹੈ ਤਾਂ ਸੂਬਾਈ ਚੋਣ ਇੰਚਾਰਜ ਚਿਦੰਬਰਮ ਨੂੰ ਜ਼ਿੰਮੇਵਾਰੀ ਮੰਨਦਿਆਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਬੈਨਰਜੀ ਨੇ ਵੀ ਕਿਹਾ ਸੀ ਕਿ ਟੀਐੱਮਸੀ ਨੇ ਗੋਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਲਈ ਚਿਦੰਬਰਮ ਤੱਕ ਪਹੁੰਚ ਕੀਤੀ ਸੀ। ਸ੍ਰੀ ਚਿਦੰਬਰਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ,‘ਜੋ ਮੈਂ ਦੱਸ ਸਕਦਾ ਹਾਂ, ਉਹ ਇਹ ਹੈ ਕਿ ਟੀਐੱਮਸੀ ਨੇ ਸੁਝਾਅ ਦਿੱਤਾ ਸੀ ਕਿ ਗੋਆ ਵਿੱਚ ਸਾਨੂੰ ਗੱਠਜੋੜ ਕਰ ਲੈਣਾ ਚਾਹੀਦਾ ਹੈ ਪਰ ਇਸ ਤੋਂ ਪਹਿਲਾਂ ਤੇ ਬਾਅਦ ’ਚ ਕੁਝ ਘਟਨਾਵਾਂ ਵਾਪਰੀਆਂ।’ ਉਨ੍ਹਾਂ ਦੋਸ਼ ਲਾਇਆ ਕਿ ਟੀਐੱਮਸੀ ਨੇ ਤੱਟੀ ਸੂਬੇ ਵਿੱਚ ਕਾਂਗਰਸੀ ਆਗੂਆਂ ਨੂੰ ਆਪਣੀ ਪਾਰਟੀ ਨਾਲ ਮਿਲਾ ਲਿਆ ਹੈ। ਚਿਦੰਬਰਮ ਨੇ ਕਿਹਾ ਕਿ ਉਹ ਟੀਐੱਮਸੀ ਜਨਰਲ ਸਕੱਤਰ ਨਾਲ ਕਿਸੇ ਬਹਿਸ ’ਚ ਨਹੀਂ ਪੈਣਾ ਚਾਹੁੰਦੇ। -ਪੀਟੀਆਈ
ਕੇਂਦਰ ਵੱਲੋਂ ਧੁਨ ‘ਅਬਾਈਡ ਵਿਦ ਮੀ’ ਹਟਾਉਣ ਦਾ ਫ਼ੈਸਲਾ ਨਿਰਾਸ਼ਾਜਨਕ: ਚਿਦੰਬਰਮ
ਪਣਜੀ: ਇਸ ਵਰ੍ਹੇ ਦੇ ਬੀਟਿੰਗ ਰਿਟਰੀਟ ਸਮਾਗਮ ’ਚੋਂ ਮਹਾਤਮਾ ਗਾਂਧੀ ਦੀ ਪਸੰਦੀਦਾ ਧੁਨ ‘ਅਬਾਈਡ ਵਿਦ ਮੀ’ ਹਟਾਉਣ ਦੇ ਫ਼ੈਸਲੇ ’ਤੇ ਇਤਰਾਜ਼ ਜ਼ਾਹਰ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਵਿਦਵਾਨ ਤੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ‘ਅਬਾਈਡ ਵਿਦ ਮੀ’ ਰਚਨਾ ਸਕਾਟਲੈਂਡ ਦੇ ਕਵੀ ਏਂਜਲਿਕਨ ਤੇ ਧੁਨ ਵਿਗਿਆਨੀ ਹੈਨਰੀ ਫਰਾਂਸਿਸ ਨੇ 1847 ਈਸਵੀ ਵਿੱਚ ਤਿਆਰ ਕੀਤੀ ਸੀ ਜੋ ਸੰਨ 1950 ਤੋਂ ਹੀ ਬੀਟਿੰਗ ਰਿਟ੍ਰੀਟ ਸਮਾਗਮ ਦਾ ਹਿੱਸਾ ਹੈ। ਭਾਰਤੀ ਫ਼ੌਜ ਨੇ ਬੀਤੇ ਦਿਨ ਐਲਾਨ ਕੀਤਾ ਸੀ ਕਿ ਇਸ ਧੁਨ ਨੂੰ ਇਸ ਵਰ੍ਹੇ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਕੇਂਦਰ ਚਾਹੁੰਦਾ ਸੀ ਕਿ ਜ਼ਿਆਦਾਤਰ ਭਾਰਤੀ ਧੁਨਾਂ ਨੂੰ ਸਮਾਗਮ ਵਿੱਚ ਸ਼ਾਮਲ ਕੀਤਾ ਜਾਵੇ ਜਿਸ ਕਾਰਨ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ,‘ਇਹ ਬਹੁਤ ਦੁਖੀ ਕਰਨ ਵਾਲਾ ਹੈ ਕਿ ਈਸਾਈ ਧੁਨ ਜੋ ਹੁਣ ਈਸਾਈ ਨਹੀਂ ਰਹਿ ਗਈ ਬਲਕਿ ਧਰਮ-ਨਿਰਪੱਖ ਧੁਨ ਹੈ, ਉਸ ਨੂੰ ਗਣਤੰਤਰ ਦਿਵਸ ਦੀ ਪਰੇਡ ਤੋਂ ਹਟਾਇਆ ਜਾ ਰਿਹਾ ਹੈ। -ਪੀਟੀਆਈ
ਗੋਆ ਚੋਣਾਂ: ਸਾਬਕਾ ਮੁੱਖ ਮੰਤਰੀ ਨੇ ਭਾਜਪਾ ਛੱਡੀ
ਪਣਜੀ: ਗੋਆ ਦੇ ਸਾਬਕਾ ਮੁੱਖ ਮੰਤਰੀ ਲਕਸ਼ਮੀਕਾਂਤ ਪਾਰਸੇਕਰ ਨੇ ਕਿਹਾ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਮੰਡਰੇਮ ਹਲਕੇ ਤੋਂ ਚੋਣ ਲੜਨਗੇ। ਭਾਜਪਾ ਵੱਲੋਂ ਟਿਕਟ ਦੇਣ ਤੋਂ ਇਨਕਾਰ ਕੀਤੇ ਜਾਣ ’ਤੇ ਉਨ੍ਹਾਂ ਸ਼ਨਿਚਰਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦਿੰਦਿਆਂ ਸਾਰੇ ਅਹੁਦੇ ਛੱਡ ਦਿੱਤੇ ਸਨ। ਉਹ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਕਮਰਾਨ ਭਾਜਪਾ ਦੀ ਮੈਨੀਫੈਸਟੋ ਕਮੇਟੀ ਦੇ ਮੁਖੀ ਵੀ ਸਨ। ਪਾਰਸੇਕਰ ਨੇ ਕਿਹਾ ਕਿ ਭਾਜਪਾ ਤੋਂ ਅਸਤੀਫ਼ਾ ਦੇਣ ਮਗਰੋਂ ਕਈ ਪਾਰਟੀਆਂ ਨੇ ਉਨ੍ਹਾਂ ਕੋਲ ਪਹੁੰਚ ਕੀਤੀ ਸੀ ਪਰ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ,‘‘ਮੈਂ ਛੇਤੀ ਹੀ ਨਾਮਜ਼ਦਗੀ ਕਾਗਜ਼ ਦਾਖ਼ਲ ਕਰਾਂਗਾ।’’ ਭਾਜਪਾ ਵੱਲੋਂ ਟਿਕਟ ਨਾ ਦੇਣ ਤੋਂ ਪਾਰਸੇਕਰ (65) ਨਿਰਾਸ਼ ਸਨ। ਭਾਜਪਾ ਨੇ ਦਯਾਨੰਦ ਸੋਪਤੇ ਨੂੰ ਉਨ੍ਹਾਂ ਦੇ ਹਲਕੇ ਮੰਡਰੇਮ ਤੋਂ ਟਿਕਟ ਦਿੱਤੀ ਹੈ ਜਦਕਿ ਪਾਰਸੇਕਰ ਇਸ ਹਲਕੇ ਦੀ 2000 ਤੋਂ 2017 ਦਰਮਿਆਨ ਨੁਮਾਇੰਦਗੀ ਕਰਦੇ ਆ ਰਹੇ ਸਨ। ਸੋਪਤੇ ਨੇ 2017 ਦੀਆਂ ਚੋਣਾਂ ’ਚ ਕਾਂਗਰਸ ਦੀ ਟਿਕਟ ’ਤੇ ਪਾਰਸੇਕਰ ਨੂੰ ਹਰਾਇਆ ਸੀ ਪਰ ਉਹ 2019 ’ਚ 9 ਹੋਰ ਆਗੂਆਂ ਨਾਲ ਹੁਕਮਰਾਨ ਪਾਰਟੀ ’ਚ ਸ਼ਾਮਲ ਹੋ ਗਏ ਸਨ। ਪਾਰਸੇਕਰ 2014 ਤੋਂ 2017 ਦਰਮਿਆਨ ਗੋਆ ਦੇ ਮੁੱਖ ਮੰਤਰੀ ਰਹੇ ਸਨ। -ਪੀਟੀਆਈ