ਸੰਯੁਕਤ ਰਾਸ਼ਟਰ, 11 ਜਨਵਰੀ
ਭਾਰਤ ਦਾ ਕਹਿਣਾ ਹੈ ਕਿ ਵੱਖ ਵੱਖ ਮੁਲਕਾਂ ਨੂੰ ਦਹਿਸ਼ਤੀ ਕਾਰਵਾਈਆਂ/ਸਰਗਰਮੀਆਂ ਲਈ ਬਹਾਨੇ ਘੜਨ ਮੌਕੇ ਖ਼ਬਰਦਾਰ ਰਹਿਣ ਦੀ ਲੋੜ ਹੈ ਕਿਉਂਕਿ ਅਤਿਵਾਦ ਲਈ ਕੋਈ ਵੀ ਬਹਾਨਾ ਨਹੀਂ ਹੋ ਸਕਦਾ। ਭਾਰਤ ਨੇ ਕਿਹਾ ਕਿ ਅਤਿਵਾਦ ਮਨੁੱਖਤਾ ਨੂੰ ਦਰਪੇਸ਼ ਸਭ ਤੋਂ ਵੱਡੀਆਂ ਚੁਣੌਤੀਆਂ ’ਚੋਂ ਇਕ ਹੈ ਤੇ ਇਸ ਦੇ ਟਾਕਰੇ ਮੌਕੇ ਅਸੀਂ ਖੁ਼ਦ ਵਿੱਚ ਵੰਡੀਆਂ ਨਾ ਪਾ ਲਈਏ। ਮੌਜੂਦਾ ਸਮੇਂ ਸਾਲ 2022 ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਅਤਿਵਾਦ ਦੇ ਟਾਕਰੇ ਬਾਰੇ ਕਮੇਟੀ ਦੀ ਚੇਅਰਮੈਨੀ ਭਾਰਤ ਕੋਲ ਹੈ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਤੇ ਯੂਐੱਨ ਅੰਬੈਸਡਰ ਟੀ.ਐੱਸ.ਤ੍ਰਿਮੂਰਤੀ ਨੇ ਸੋਮਵਾਰ ਨੂੰ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਭਾਰਤ ਇਸ ਸਾਲ ਅਤਿਵਾਦ ਦੇ ਟਾਕਰੇ ਬਾਰੇ ਕਮੇਟੀ ਦੀ ਪ੍ਰਧਾਨਗੀ ਕਰੇਗਾ। ਇਹ ਮਹੱਤਵਪੂਰਨ ਹੈ ਕਿਉਂਕਿ ਅਤਿਵਾਦ ਦਾ ਮੁਕਾਬਲਾ ਸੁਰੱਖਿਆ ਕੌਂਸਲ ’ਚ ਸਾਡੀਆਂ ਅਹਿਮ ਤਰਜੀਹਾਂ ’ਚੋਂ ਇਕ ਹੈ ਅਤੇ ਅਸੀਂ ਇਸ ਕਮੇਟੀ ਦੀ ਪ੍ਰਧਾਨਗੀ ਅਜਿਹੇ ਮੌਕੇ ਕਰਾਂਗੇ ਜਦੋਂ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ।’’ ਤ੍ਰਿਮੂਰਤੀ ਨੇ ਕਿਹਾ ਕਿ ਸੁਰੱਖਿਆ ਕੌਂਸਲ ਨੇ ਅਤਿਵਾਦ ਦੀ ਮਨੁੱਖਤਾ ਨੂੰ ਦਰਪੇਸ਼ ਸਭ ਤੋਂ ਵੱਡੀ ਚੁਣੌਤੀ ਵਜੋਂ ਪਛਾਣ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਅਤਿਵਾਦ ਦੇ ਸਾਰੇ ਰੂਪਾਂ ਖਿਲਾਫ਼ ਇਕਜੁਟ ਹੋ ਕੇ ਰਹਿਣ ਦੀ ਅਹਿਮੀਅਤ ’ਤੇ ਲਗਾਤਾਰ ਚਾਨਣਾ ਪਾ ਰਹੇ ਹਾਂ।’’ ਭਾਰਤੀ ਰਾਜਦੂਤ ਨੇ ਕਿਹਾ, ‘‘ਅਮਰੀਕਾ ਵਿੱਚ 9/11 ਦੇ ਦਹਿਸ਼ਤੀ ਹਮਲੇ ਅਤੇ ਅਤਿਵਾਦ ਦੇ ਟਾਕਰੇ ਲਈ ਕਮੇਟੀ ਬਣਾਉਣ ਤੋਂ ਪਹਿਲਾਂ ਕੁੱਲ ਆਲਮ ‘ਸਾਡਾ ਅਤਿਵਾਦ’ ਤੇ ‘ਤੁਹਾਡਾ ਅਤਿਵਾਦ’ ਨੂੰ ਲੈ ਕੇ ਵੰਡਿਆ ਹੋਇਆ ਸੀ। ਅਸੀਂ ਉਸ ਯੁੱਗ ’ਚ ਮੁੜ ਨਹੀਂ ਪਰਤ ਸਕਦੇ ਤੇ ਨਾ ਹੀ ਇਸ ਅਹਿਮ ਮੁੱਦੇ ’ਤੇ ਖੁ਼ਦ ’ਚ ਵੰਡੀਆਂ ਪਾ ਸਕਦੇ ਹਾਂ। ਅਤਿਵਾਦ ਲਈ ਬਹਾਨੇ ਘੜਨ ਮੌਕੇ ਚੌਕਸ ਰਹਿਣ ਦੀ ਲੋੜ ਹੈ, ਕਿਉਂਕਿ ਅਤਿਵਾਦ ਲਈ ਕੋਈ ਬਹਾਨਾ ਨਹੀਂ ਹੈ।’’ ਭਾਰਤ 15 ਮੁਲਕੀ ਸੁਰੱਖਿਆ ਕੌਂਸਲ ਦਾ ਮੌਜੂਦਾ ਸਮੇਂ ਅਸਥਾਈ ਮੈਂਬਰ ਹੈ ਤੇ ਇਸ ਦਾ ਦੋ ਸਾਲਾ ਕਾਰਜਕਾਲ 31 ਦਸੰਬਰ 2022 ਨੂੰ ਖ਼ਤਮ ਹੋਵੇਗਾ। ਭਾਰਤ ਕੋਲ ਸੁਰੱਖਿਆ ਕੌਂਸਲ ਦੀ ਪ੍ਰਧਾਨਗੀ ਅਗਸਤ 2021 ਵਿੱਚ ਆਈ ਸੀ। ਤ੍ਰਿਮੂਰਤੀ ਇਸ ਸਾਲ ਲਈ ਅਤਿਵਾਦ ਦੇ ਟਾਕਰੇ ਬਾਰੇ ਕਮੇਟੀ ਦੇ ਨਵੇਂ ਚੇਅਰਮੈਨ ਹਨ। -ਪੀਟੀਆਈ