ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 19 ਅਪਰੈਲ
ਭਾਰਤ ਦੀ ਸਰਵਉੱਚ ਮੈਡੀਕਲ ਖੋਜ ਸੰਸਥਾ ਆਈਸੀਐੱਮਆਰ ਨੇ ਸੋਮਵਾਰ ਨੂੰ ਕਰੋਨਾ ਮਹਾਮਾਰੀ ਦੀ ਪਹਿਲੀ ਤੇ ਦੂਜੀ ਲਹਿਰ ਦੇ ਦੌਰਾਨ ਹਸਪਤਾਲਾਂ ’ਚ ਜ਼ੇਰੇ ਇਲਾਜ ਰਹੇ ਮਰੀਜ਼ਾਂ ਦੇ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਦੇ ਆਧਾਰ ’ਤੇ ਕਿਹਾ ਜਾ ਸਕੇ ਕਿ ਚੱਲ ਰਹੀ ਲਹਿਰ ਦੌਰਾਨ ਨੌਜਵਾਨ ਆਬਾਦੀ ਨੂੰ ਜ਼ਿਆਦਾ ਖ਼ਤਰਾ ਹੈ। ਅੰਕੜਿਆਂ ਮੁਤਾਬਕ ਦੋਵੇਂ ਲਹਿਰਾਂ ਦੌਰਾਨ ਹਸਪਤਾਲਾਂ ’ਚ ਕਰੋਨਾ ਮਰੀਜ਼ਾਂ ਦੇ ਮੌਤ ਅਨੁਪਾਤ ਵਿੱਚ ਵੀ ਬਦਲਾਅ ਨਹੀਂ ਆਇਆ। ਦੂਜੀ ਲਹਿਰ ਦੌਰਾਨ ਹਸਪਤਾਲਾਂ ’ਚ ਸਾਹ ਦੀ ਤਕਲੀਫ ਵਾਲੇ ਮਰੀਜ਼ਾਂ ਦੀ ਗਿਣਤੀ 47.5 ਫ਼ੀਸਦੀ ਹੈ ਜਦਕਿ ਪਹਿਲੀ ਲਹਿਰ ਦੌਰਾਨ ਇਹ 41.5 ਫ਼ੀਸਦੀ ਸੀ। ਆਈਸੀਐੱਆਰ ਵੱਲੋਂ ਕੀਤੇ ਮੁਲਾਂਕਣ ਅਨੁਸਾਰ ਦੂਜੀ ਲਹਿਰ ਦੌਰਾਨ ਹਸਪਤਾਲਾਂ ’ਚ ਦਾਖ਼ਲ ਹੋਣ ਵਾਲੇ ਲਾਗ ਦੇ ਗ਼ੈਰਲੱਛਣੀ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਜਦਕਿ ਇਸ ਸਬੰਧੀ ਹੋਰ ਵੱਡੇ ਪੈਮਾਨੇ ’ਤੇ ਖੋਜ ਕੀਤੀ ਜਾ ਰਹੀ ਹੈ। ਸਟੱਡੀ ਵਿੱਚ 9,485 ਮਰੀਜ਼ਾਂ (ਸਤੰਬਰ ਤੋਂ ਨਵੰਬਰ 2020 ਤੱਕ ਦੇ 6,642 ਅਤੇ ਮਾਰਚ ਤੋਂ ਅਪਰੈਲ 2021 ਤੱਕ ਦੇ 1,405 ਮਰੀਜ਼ਾਂ) ਦੇ ਡਾਟਾ ਦੇ ਆਧਾਰ ’ਤੇ ਕਿਹਾ ਗਿਆ ਕਿ ਦੋਵੇਂ ਲਹਿਰਾਂ ਦੌਰਾਨ ਹਸਪਤਾਲਾਂ ’ਚ ਦਾਖ਼ਲ 70 ਫ਼ੀਸਦੀ ਤੋਂ ਵੱਧ ਮਰੀਜ਼ਾਂ ਦੀ ਉਮਰ 40 ਸਾਲ ਤੋਂ ਵੱਧ ਪਾਈ ਗਈ ਹੈ। ਆਈਸੀਐੱਮਆਰ ਦੀ ਸਟੱਡੀ ਮੁਤਾਬਕ ਇਸ ਲਹਿਰ ’ਚ ਦੌਰਾਨ ਸਿਰਫ ਤੋਂ 18 ਸਾਲ ਤੱਕ ਦੇ ਨੌਜਵਾਨ ਮਰੀਜ਼ਾਂ ਦੀ ਮਾਮੂਲੀ ਗਿਣਤੀ ਵਧੀ ਹੈ। ਪਹਿਲੀ ਲਹਿਰ ਦੌਰਾਨ ਇਹ 4.2 ਫ਼ੀਸਦੀ ਦਰਜ ਕੀਤੀ ਗਈ ਸੀ ਜਦਕਿ ਦੂਜੀ ਲਹਿਰ ’ਚ ਮਾਮੂਲੀ ਵਾਧੇ ਨਾਲ ਇਹ 5.8 ਫ਼ੀਸਦੀ ਪਾਈ ਗਈ ਹੈ।