ਮੁੰਬਈ, 14 ਅਕਤੂਬਰ
ਮਹਾਰਾਸ਼ਟਰ ਸਰਕਾਰ ’ਚ ਮੰਤਰੀ ਤੇ ਐੱਨਸੀਪੀ ਆਗੂ ਨਵਾਬ ਮਲਿਕ ਦੇ ਦਾਮਾਦ ਸਮੀਰ ਖ਼ਾਨ ਦੀ ਨਸ਼ਾ ਤਸਕਰੀ ਕੇਸ ਵਿੱਚ ਜ਼ਮਾਨਤ ਮਨਜ਼ੂਰ ਕਰਨ ਵਾਲੀ ਵਿਸ਼ੇਸ਼ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਏਜੰਸੀ ਕੋਲ ਮੁਲਜ਼ਮ ਖ਼ਿਲਾਫ਼ ਦੋਸ਼ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਸੀ। ਐੱਨਡੀਪੀਐੱਸ ਤਹਿਤ ਦਰਜ ਕੇਸਾਂ ਲਈ ਵਿਸ਼ੇਸ਼ ਜੱਜ ਏ.ਏ.ਜੋਗਲੇਕਰ ਨੇ ਪਿਛਲੇ ਮਹੀਨੇ ਖ਼ਾਨ ਤੇ ਦੋ ਹੋਰਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਜਦੋਂਕਿ ਫੈਸਲੇ ਸਬੰਧੀ ਤਫ਼ਸੀਲੀ ਹੁਕਮਾਂ ਦੀ ਕਾਪੀ ਬੁੱਧਵਾਰ ਨੂੰ ਮੁਹੱਈਆ ਕੀਤੀ ਗਈ ਸੀ। ਖ਼ਾਨ ਨੂੰ ਐੱਨਸੀਬੀ ਦੀ ਟੀਮ ਨੇ 13 ਜਨਵਰੀ ਨੂੰ ਕਥਿਤ ਨਸ਼ੇ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸਤਗਾਸਾ ਧਿਰ ਦਾ ਦਾਅਵਾ ਸੀ ਕਿ ਖ਼ਾਨ ਡਰੱਗ ਸਿੰਡੀਕੇਟ ਦਾ ਹਿੱਸਾ ਸੀ। -ਪੀਟੀਆਈ