ਨਵੀਂ ਦਿੱਲੀ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਅੱਜ ਕਿਹਾ ਕਿ ਉਸ ਨੇ ਕੋਵਿਡ-19 ਵੈਕਸੀਨ ਤਿਆਰ ਕਰਨ ਲਈ ਕੋਈ ਅੰਤਿਮ ਹੱਦ (ਡੈੱਡਲਾਈਨ) ਨਿਰਧਾਰਿਤ ਨਹੀਂ ਕੀਤੀ। ਕੌਂਸਲ ਨੇ ਸਾਫ਼ ਕਰ ਦਿੱਤਾ ਕਿ 15 ਅਗਸਤ ਕੋਈ ਡੈੱਡਲਾਈਨ ਨਹੀਂ ਹੈ ਤੇ ਇਸ ਤਰੀਕ ਦਾ ਮੁੱਖ ਮੰਤਵ ਆਲਮੀ ਮਹਾਮਾਰੀ ਬਾਰੇ ਬੇਯਕੀਨੀ ਕਰਕੇ ਕਲੀਨਿਕਲ ਟਰਾਇਲਾਂ ਨੂੰ ਰਫ਼ਤਾਰ ਦੇਣਾ ਸੀ। ‘ਕੋਵੈਕਸਿਨ’ ਨਾਂ ਦੀ ਦਵਾਈ ਹੈਦਰਾਬਾਦ ਦੀ ਭਾਰਤ ਬਾਇਓਟੈੱਕ, ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਿਰੋਲੋਜੀ ਤੇ ਆਈਸੀਐੱਮਆਰ ਵੱਲੋਂ ਮਿਲ ਕੇ ਵਿਕਸਤ ਕੀਤੀ ਗਈ ਹੈ। ਭਾਰਤੀ ਡਰੱਗ ਕੰਟਰੋਲਰ ਜਨਰਲ ਦੀ ਪ੍ਰਵਾਨਗੀ ਮਗਰੋਂ ਹੁਣ ਇਸ ਦਵਾਈ ਦਾ ਮਨੁੱਖਾਂ ’ਤੇ ਤਜਰਬਾ ਕੀਤਾ ਜਾਵੇਗਾ। ਚੇਤੇ ਰਹੇ ਕਿ ਆਈਸੀਐੱਮਆਰ ਨੇ ਪਹਿਲਾਂ 15 ਅਗਸਤ ਤਕ ਕਰੋਨਾ ਦਾ ਟੀਕਾ ਲੈ ਕੇ ਆਉਣ ਦਾ ਦਾਅਵਾ ਕੀਤਾ ਸੀ, ਪਰ ਮੈਡੀਕਲ ਮਾਹਿਰਾਂ ਵੱਲੋਂ ਜਤਾਏ ਉਜਰ ਮਗਰੋਂ ਕੌਂਸਲ ਨੂੰ ਪਿੱਛੇ ਪੈਰੀਂ ਹੋਣਾ ਪਿਆ।