ਮੁੰਬਈ, 13 ਅਕਤੂਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਲਿਖੇ ਪੱਤਰ ਵਿੱਚ ਸਾਫ਼ ਕਰ ਦਿੱਤਾ ਹੈ ਕਿ ਧਾਰਮਿਕ ਅਸਥਾਨਾਂ ਨੂੰ ਖੋਲ੍ਹਣ ਦਾ ਫੈਸਲਾ ਸੂਬੇ ਵਿੱਚ ਕੋਵਿਡ-19 ਦੇ ਹਾਲਾਤ ’ਤੇ ਚੌਕਸ ਨਜ਼ਰਸਾਨੀ ਮਗਰੋਂ ਲਿਆ ਜਾਵੇਗਾ ਤੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਹਿੰਦੂਤਵ ਬਾਰੇ ਰਾਜਪਾਲ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਨੇ ਕੋਸ਼ਿਆਰੀ ਵੱਲੋਂ ਇਕ ਦਿਨ ਪਹਿਲਾਂ ਲਿਖੇ ਪੱਤਰ ਦਾ ਜਵਾਬ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਬਾਰੇ ਉਨ੍ਹਾਂ ਦੀ ਅਪੀਲ ’ਤੇ ਵਿਚਾਰ ਕਰੇਗੀ। ਇਸੇ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਹਿੰਦੂਤਵ ਬਾਰੇ ਕੋਸ਼ਿਆਰੀ ਦੇ ਸਬਕ ਦੀ ਲੋੜ ਨਹੀਂ ਤੇ ਇਸ ਦੀ ਥਾਂ ਰਾਜਪਾਲ ਆਪਣੇ ਅਸਲ ਕੰਮ ਨੂੰ ਵੇਖਣ।
ਰਾਜਪਾਲ ਕੋਸ਼ਿਆਰੀ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੇ ਪੱਤਰ ਵਿੱਚ ਪੁੱਛਿਆ, ‘ਕੀ ਤੁਸੀਂ ਅਚਾਨਕ ਧਰਮ-ਨਿਰਪੇਖ ਹੋ ਗਏ? ਤੁਹਾਨੂੰ ਤਾਂ ਇਸ ਪਰਿਭਾਸ਼ਾ ਤੋਂ ਨਫ਼ਰਤ ਸੀ।’ ਠਾਕਰੇ ਨੇ ਰਾਜਪਾਲ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਹੈਰਾਨੀ ਜਤਾਉਂਦਿਆਂ ਕਿਹਾ ਕਿ ਕੀ ਕੋਸ਼ਿਆਰੀ ਲਈ ਹਿੰਦੂਤਵ ਦਾ ਅਰਥ ਮਹਿਜ਼ ਧਾਰਮਿਕ ਸਥਾਨਾਂ ਨੂੰ ਖੋਲ੍ਹਣਾ ਹੈ। ਠਾਕਰੇ ਨੇ ਕਿਹਾ, ‘ਕੀ ਧਰਮ-ਨਿਰਪੱਖਤਾ ਉਸ ਸੰਵਿਧਾਨ ਦਾ ਅਹਿਮ ਅੰਗ ਨਹੀਂ ਹੈ, ਜਿਸ ਦੀ ਤੁਸੀਂ ਸੂਬੇ ਦੇ ਰਾਜਪਾਲ ਵਜੋਂ ਸਹੁੰ ਚੁੱਕੀ ਹੈ। ਮੇਰੇ ਹਿੰਦੂਵਾਦ ਲਈ ਮੈਨੂੰ ਤੁਹਾਡੇ ਸਰਟੀਫਿਕੇਟ ਦੀ ਲੋੜ ਨਹੀਂ ਹੈ।’ ਚੇਤੇ ਰਹੇ ਕਿ ਕੋਸ਼ਿਆਰੀ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਵਿਅੰਗ ਕਸਦਿਆਂ ਕਿਹਾ ਸੀ ਕਿ ਸੂਬਾ ਸਰਕਾਰ ਨੇ ਬਾਰ, ਰੇਸਤਰਾਂ ਤੇ ਬੀਚਾਂ ਨੂੰ ਖੋਲ੍ਹਣ ਦੀ ਤਾਂ ਖੁੱਲ੍ਹ ਦੇ ਦਿੱਤੀ, ਪਰ ਸਾਡੇ ਦੇਵੀ ਦੇਵਤਿਆਂ ਨੂੰ ਤਾਲਾਬੰਦੀ ਵਿੱਚ ਰਹਿਣਾ ਪੈ ਰਿਹੈ।
ਭਾਜਪਾ ਵੱਲੋਂ ਠਾਣੇ ਦੇ ਮੰਦਿਰ ਬਾਹਰ ਪ੍ਰਦਰਸ਼ਨ: ਭਾਜਪਾ ਦੀ ਸਥਾਨਕ ਇਕਾਈ ਨੇ ਅੱਜ ਇਥੇ ਧਾਰਮਿਕ ਅਸਥਾਨਾਂ ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਪੁਰਾਤਨ ਮੰਦਿਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਘੰਟਾਲੀ ਮੰਦਿਰ ਦੇ ਬਾਹਰ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। -ਪੀਟੀਆਈ
ਮੰਦਰ ਖੁੱਲ੍ਹਵਾਉਣ ਲਈ ਭਾਜਪਾ ਵਰਕਰਾਂ ਨੇ ਪੂਜਾ ਕੀਤੀ
ਔਰੰਗਾਬਾਦ: ਮਹਾਰਾਸ਼ਟਰ ਵਿੱਚ ਮੰਦਰ ਦੁਬਾਰਾ ਖੋਲ੍ਹਣ ਦੀ ਮੰਗ ਲਈ ਵਿਧਾਇਕ ਅਤੁੱਲ ਸਾਵੇ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵੱਲੋਂ ਔਰੰਗਾਬਾਦ ਸ਼ਹਿਰ ’ਚ ਇੱਕ ਮੰਦਰ ਦੇ ਬਾਹਰ ਪੂਜਾ ਕਰਦਿਆਂ ਸੰਕੇਤਕ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਸੂਬੇ ਵਿੱਚ ਕਰੋਨਾ ਲਾਗ ਕਾਰਨ ਲਾਗੂ ਪਾਬੰਦੀਆਂ ’ਚ ਢਿੱਲ ਦਿੰਦਿਆਂ ਲੋਕਾਂ ਨੂੰ ਆਉਣ-ਜਾਣ ਅਤੇ ਕਈ ਵਪਾਰਕ ਸਰਗਰਮੀਆਂ ਦੀ ਇਜ਼ਾਜਤ ਦੇ ਦਿੱਤੀ ਗਈ ਹੈ ਪਰ ਮੰਦਰ ਲਗਾਤਾਰ ਬੰਦ ਹਨ। ਵਿਧਾਇਕ ਸਾਵੇ ਨੇ ਕਿਹਾ, ‘ਸੂਬਾ ਸਰਕਾਰ ਵੱਲੋਂ ਵੱਖ-ਵੱਖ ਕੰਮਾਂ ਜਿਵੇਂ ਬਾਰਾਂ, ਬਾਜ਼ਾਰ ਅਤੇ ਰੈਸਟੋੋਰੈਂਟ ਆਦਿ ਖੋਲ੍ਹਣ ਦੀ ਆਗਿਆ ਦਿੱਤੀ ਜਾ ਚੁੱਕੀ ਹੈ ਪਰ ਮੰਦਰ ਹਾਲੇ ਵੀ ਬੰਦ ਹਨ। ਔਰੰਗਾਬਾਦ ਪੂਰਬੀ ਹਲਕੇ ਤੋਂ ਵਿਧਾਇਕ ਸਾਵੇ ਮੁਤਾਬਕ ਮੰਦਰ ਸਥਾਨਕ ਆਰਥਿਕਤਾ ਨੂੰ ਸਹਾਰਾ ਦਿੰਦੇ ਹਨ ਅਤੇ ਕਈ ਲੋਕਾਂ ਲਈ ਉਪਜੀਵਿਕਾ ਕਮਾਉਣ ਦਾ ਸਰੋਤ ਹਨ, ਜਿਹੜੇ ਫੁੱਲ ਅਤੇ ਹੋਰ ਵਸਤਾਂ ਆਦਿ ਵੇਚਦੇ ਹਨ। ਉਨ੍ਹਾਂ ਕਿਹਾ, ‘ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਇੱਕ ਵੀ ਪੈਸਾ ਨਹੀਂ ਦਿੱਤਾ ਗਿਆ। ਇਸ ਕਰਕੇ ਸਰਕਾਰ ਨੂੰ ਇਸ ਤੋਂ ਜਾਣੂ ਕਰਵਾਉਣ ਲਈ ਅਸੀਂ ਸੰਕੇਤਕ ਭੁੱਖ ਹੜਤਾਲ ਅਤੇ ਭਗਵਾਨ ਗਜਨਨ ਮਹਾਰਾਜ ਮੰਦਰ ਦੇ ਸਾਹਮਣੇ ਪੂਜਾ ਕੀਤੀ।’ -ਪੀਟੀਆਈ