ਪਟਨਾ, 2 ਸਤੰਬਰ
ਜੇਡੀਯੂ ਆਗੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕੌਮੀ ਪੱਧਰ ’ਤੇ ਆਪਣੀ ਭੂਮਿਕਾ ਬਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਭਾਵੇਂ ਬਚਦੇ ਹਨ, ਪਰ ਪਾਰਟੀ ਹੈੱਡਕੁਆਰਟਰ ਦੇ ਬਾਹਰ ਲੱਗੇ ਪੋਸਟਰ ਕੁਝ ਹੋਰ ਹੀ ਕਹਾਣੀ ਬਿਆਨ ਕਰਦੇ ਹਨ। ਇਨ੍ਹਾਂ ਪੋਸਟਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਤੇ ਹੋਰਨਾਂ ’ਤੇ ਚੁਟਕੀ ਲੈਂਦਿਆਂ ਕੁਮਾਰ ਨੂੰ 2024 ਵਿੱਚ ਕੇਂਦਰ ’ਚ ਸੱਤਾ ਤਬਦੀਲੀ ਦੇ ਚਿਹਰੇ ਮੋਹਰੇ ਵਜੋਂ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਪੋਸਟਰ ’ਤੇ ਲਿਖਿਆ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਕੋਈ ਜੁਮਲਾ ਨਹੀਂ ਤੇ ਸਿਰਫ਼ ਹਕੀਕਤ ਹਨ। ਇਕ ਹੋਰ ਪੋਸਟਰ ਵਿੱਚ ਪ੍ਰਧਾਨ ਮੰਤਰੀ ਦੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਦੇ ਹਵਾਲੇ ਨਾਲ ਲਿਖਿਆ, ‘‘ਮਨ ਕੀ ਨਹੀਂ, ਕਾਮ ਕੀ ਬਾਤ’’। ਕੁਝ ਪੋਸਟਰਾਂ ਵਿੱਚ ਦਾਅਵਾ ਕੀਤਾ ਗਿਆ ਕਿ ਕੁਮਾਰ 2024 ਵਿੱਚ ਭਾਰਤ ਨੂੰ ‘ਏਕ ਸਮਾਜ, ਸ੍ਰੇਸ਼ਠ ਸਮਾਜ’ ਬਣਾਉਣਗੇ ਤੇ ‘ਬਦਲਾਅ’ ਹੋਵੇਗਾ ਕਿਉਂਕਿ ਸ਼ੁਰੂਆਤ ਹੋ ਚੁੱਕੀ ਹੈ। ਕਾਬਿਲੇਗੌਰ ਹੈ ਕਿ ਸ਼ਨਿਚਰਵਾਰ ਤੋਂ ਜੇਡੀਯੂ ਦੀ ਦੋ ਰੋਜ਼ਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਸ਼ੁਰੂ ਹੋ ਰਹੀ ਹੈ ਤੇ ਅਜਿਹੇ ਚਰਚੇ ਹਨ ਕਿ ਇਹ ਕਾਨਕਲੇਵ ਅਗਾਮੀ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਨਿਤੀਸ਼ ਕੁਮਾਰ ਨੂੰ ਪੇਸ਼ ਕਰਨ ਦਾ ਮੰਚ ਸਾਬਤ ਹੋ ਸਕਦੀ ਹੈ। ਪਾਰਟੀ ਨੇ ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਰਸਮੀ ਬਿਆਨ ਜਾਂ ਮਤਾ ਜਾਰੀ ਨਹੀਂ ਕੀਤਾ। -ਪੀਟੀਆਈ