ਲਖਨਊ, 25 ਸਤੰਬਰ
ਜਨਤਾ ਦਲ (ਯੂਨਾਈਟਿਡ) ਆਗੂ ਨਿਤੀਸ਼ ਕੁਮਾਰ ਵੱਲੋਂ ਉਤਰ ਪ੍ਰਦੇਸ਼ ਦੇ ਲੋਕ ਸਭਾ ਹਲਕੇ ਫੂਲਪੁਰ ਤੋਂ 2024 ਦੀਆਂ ਆਮ ਚੋਣਾਂ ਲੜਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਨ ਮਗਰੋਂ ਪਾਰਟੀ ਦੀ ਸੂਬਾ ਇਕਾਈ ਨੂੰ ਉਮੀਦ ਹੈ ਕਿ ਉਹ ਭਾਜਪਾ ਖ਼ਿਲਾਫ਼ ਵਿਰੋਧੀ ਧਿਰਾਂ ਦੀ ਇਕਜੁੱਟਤਾ ਦਾ ਵੱਡਾ ਸੁਨੇਹਾ ਦੇਣ ਲਈ ਆਪਣੇ ਫ਼ੈਸਲੇ ਬਾਰੇ ਮੁੜ ਵਿਚਾਰ ਕਰਨਗੇ। ਸਮਾਜਵਾਦੀ ਪਾਰਟੀ (ਸਪਾ) ਦੇ ਕੁੱਝ ਆਗੂਆਂ ਨੇ ਵੀ ਇਸ ਵਿਚਾਰ ਦਾ ਸਮਰਥਨ ਕੀਤਾ ਹੈ। ਨਿਤੀਸ਼ ਕੁਮਾਰ ਨੇ ਫੂਲਪੁਰ ਹਲਕੇ ਤੋਂ ਆਪਣੀ ਉਮੀਦਵਾਰੀ ਸਬੰਧੀ ਚੱਲ ਰਹੀ ਕਿਆਸਰਾਈਆਂ ਨੂੰ ਪਿਛਲੇ ਦਿਨੀਂ ਰੱਦ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਦਿਲਚਸਪੀ ਸਿਰਫ਼ ਸੰਸਦੀ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਵਿੱਚ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਸੀ ਕਿ ਉਨ੍ਹਾਂ ਦੇ ਯਤਨਾਂ ਦਾ ਲਾਭ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵਰਗੀ ਨੌਜਵਾਨ ਪੀੜ੍ਹੀ ਨੂੰ ਮਿਲਣਾ ਚਾਹੀਦਾ ਹੈ। ਉਤਰ ਪ੍ਰਦੇਸ਼ ਜਨਤਾ ਦਲ (ਯੂਨਾਈਟਿਡ) ਪ੍ਰਧਾਨ ਅਨੂਪ ਸਿੰਘ ਪਟੇਲ ਨੇ ਕਿਹਾ ਕਿ ਪਾਰਟੀ ਦੀ ਸੂਬਾ ਇਕਾਈ ਨੂੰ ਉਮੀਦ ਹੈ ਕਿ ਨਿਤੀਸ਼ ਆਪਣੇ ਫ਼ੈਸਲੇ ਬਾਰੇ ਮੁੜ ਵਿਚਾਰ ਕਰਨਗੇ। -ਪੀਟੀਆਈ