ਪਟਨਾ, 3 ਸਤੰਬਰ
ਮੁੱਖ ਅੰਸ਼
- ਰਾਹੁਲ ਅਤੇ ਕੇਜਰੀਵਾਲ ਸਣੇ ਕਈ ਆਗੂਆਂ ਨਾਲ ਮੀਟਿੰਗ ਦੀ ਸੰਭਾਵਨਾ
- ਦੇਸ਼ ’ਚ ‘ਅਣਐਲਾਨੀ ਐਮਰਜੈਂਸੀ’: ਜਨਤਾ ਦਲ (ਯੂ)
-
ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ’ਚ ਭਾਜਪਾ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ
ਮਨੀਪੁਰ ’ਚ ਭਾਜਪਾ ਵੱਲੋਂ ਜਨਤਾ ਦਲ (ਯੂ) ਦੇ ਪੰਜ ਵਿਧਾਇਕ ਤੋੜੇ ਜਾਣ ਮਗਰੋਂ ਰੋਹ ’ਚ ਆਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਦੇ ਟਾਕਰੇ ਲਈ ਵਿਰੋਧੀ ਧਿਰਾਂ ’ਚ ਏਕਤਾ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਗ਼ੈਰ-ਭਾਜਪਾ ਪਾਰਟੀਆਂ ਨੂੰ ਸਾਰੇ ਮੱਤਭੇਦ ਭੁਲਾ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਜੋ ‘ਬਦਲ’ ਦੀ ਰਾਹ ਦੇਖ ਰਹੇ ਹਨ। ਜਨਤਾ ਦਲ (ਯੂਨਾਈਟਿਡ) ਦੀ ਕੌਮੀ ਕਾਰਜਕਾਰਨੀ ਨੂੰ ਸੰਬੋਧਨ ਕਰਦਿਆਂ ਨਿਤੀਸ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਇਕੋ ਇਕ ਟੀਚਾ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨਾ ਹੈ। ਬਾਅਦ ’ਚ ਪਾਰਟੀ ਨੇ ਉਨ੍ਹਾਂ ਨੂੰ ਵਿਰੋਧੀ ਧਿਰਾਂ ’ਚ ਏਕਤਾ ਲਈ ਕੰਮ ਕਰਨ ਦੀ ਕਮਾਨ ਸੌਂਪ ਦਿੱਤੀ। ਉਧਰ ਨਿਤੀਸ਼ ਕੁਮਾਰ ਵੱਲੋਂ 5 ਸਤੰਬਰ ਨੂੰ ਦਿੱਲੀ ਦਾ ਦੌਰਾ ਕੀਤੇ ਜਾਣ ਦੀ ਸੰਭਾਵਨਾ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੇ ਟਾਕਰੇ ਲਈ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਨਿਤੀਸ਼ ਕਾਂਗਰਸ ਦੇ ਰਾਹੁਲ ਗਾਂਧੀ ਸਮੇਤ ਹੋਰ ਕਈ ਆਗੂਆਂ ਨਾਲ ਮੁਲਾਕਾਤ ਕਰਨਗੇ। ਜਨਤਾ ਦਲ (ਯੂ) ਦੇ ਸੂਤਰਾਂ ਨੇ ਕਿਹਾ ਕਿ ਨਿਤੀਸ਼ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਖੱਬੇ ਪੱਖੀ ਆਗੂਆਂ ਨਾਲ ਵੀ ਮਿਲਣ ਦੀ ਸੰਭਾਵਨਾ ਹੈ। ਭਾਜਪਾ ਨਾਲੋਂ ਨਾਤਾ ਤੋੜਨ ਮਗਰੋਂ ਨਿਤੀਸ਼ ਕੁਮਾਰ ਪਹਿਲੀ ਵਾਰ ਦਿੱਲੀ ਆ ਰਹੇ ਹਨ। ਜਨਤਾ ਦਲ (ਯੂ) ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਦੋ ਮਤੇ ਪਾਸ ਕੀਤੇ ਗਏ। ਮਤਿਆਂ ’ਚ ਕਿਹਾ ਗਿਆ ਕਿ ਭਾਜਪਾ ਸਰਕਾਰ ਦੀ ਅਗਵਾਈ ਹੇਠ ਦੇਸ਼ ’ਚ ‘ਅਣਐਲਾਨੀ ਐਮਰਜੈਂਸੀ’ ਹੈ, ਜੋ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀ ਧਿਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਅਸਹਿਮਤੀ ਜਤਾਉਣ ਦੇ ਜਮਹੂਰੀ ਅਧਿਕਾਰ ’ਤੇ ‘ਦੇਸ਼ਧ੍ਰੋਹ’ ਦਾ ਠੱਪਾ ਲਗਾ ਰਹੀ ਹੈ। ਮਤੇ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਲੋਕ ਭਾਜਪਾ ਦੇ ਬਦਲ ਵਜੋਂ ਵਿਰੋਧੀ ਧਿਰਾਂ ਵੱਲ ਦੇਖ ਰਹੇ ਹਨ ਅਤੇ ਸਾਰੀਆਂ ਵਿਰੋਧੀ ਧਿਰਾਂ ਨੂੰ ਆਪਣੇ ਮੱਤਭੇਦ ਭੁਲਾ ਕੇ ਇਕਜੁੱਟ ਹੋਣਾ ਚਾਹੀਦਾ ਹੈ। ਮਤੇ ’ਚ ਭਾਜਪਾ ’ਤੇ ਦੇਸ਼ ’ਚ ‘ਫਿਰਕੂ ਹਿੰਸਾ’ ਭੜਕਾਉਣ ਦਾ ਦੋਸ਼ ਵੀ ਲਾਇਆ ਗਿਆ ਹੈ। ‘ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਮਾਜ ’ਚ ਅਸਹਿਣਸ਼ੀਲਤਾ ਅਤੇ ਕੱਟੜਵਾਦ ਲਗਾਤਾਰ ਵਧ ਰਿਹਾ ਹੈ। ਦਲਿਤਾਂ ਅਤੇ ਆਦਿਵਾਸੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।’ ਪਾਰਟੀ ਨੇ ਹੁਕਮਰਾਨ ਭਾਜਪਾ ’ਤੇ ਤਾਨਾਸ਼ਾਹੀ ਪ੍ਰਵਿਰਤੀ ਹੋਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਦਿੱਲੀ ਅਤੇ ਝਾਰਖੰਡ ਸਮੇਤ ਕਈ ਸੂਬਿਆਂ ’ਚ ਗ਼ੈਰ-ਭਾਜਪਾਈ ਸਰਕਾਰਾਂ ਨੂੰ ਡੇਗਣ ਲਈ ਕੰਮ ਕਰ ਰਹੀ ਹੈ। -ਪੀਟੀਆਈ
ਵਿਧਾਇਕਾਂ ਦੀ ਦਲ-ਬਦਲੀ ’ਤੇ ਨਿਤੀਸ਼ ਨੇ ਉਠਾਏ ਸਵਾਲ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਨੀਪੁਰ ’ਚ ਜਨਤਾ ਦਲ (ਯੂ) ਵਿਧਾਇਕਾਂ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਰੋਸ ਪ੍ਰਗਟਾਇਆ ਹੈ। ਇਥੇ ਪਾਰਟੀ ਦਫ਼ਤਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਾਬਕਾ ਭਾਈਵਾਲ (ਭਾਜਪਾ) ਵੱਲੋਂ ਵਿਧਾਇਕਾਂ ਦੀ ਕਥਿਤ ਖ਼ਰੀਦੋ-ਫਰੋਖ਼ਤ ਦੀ ਸੰਵਿਧਾਨਕਤਾ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮਨੀਪੁਰ ਤੋਂ ਵਿਧਾਇਕਾਂ ਨੇ ਇਥੇ ਮੀਟਿੰਗ ’ਚ ਹਾਜ਼ਰੀ ਭਰਨ ਦੀ ਤਸਦੀਕ ਕੀਤੀ ਸੀ ਅਤੇ ਉਨ੍ਹਾਂ ਜਨਤਾ ਦਲ (ਯੂ) ਦੇ ਐੱਨਡੀਏ ਛੱਡਣ ਦੇ ਫ਼ੈਸਲੇ ਦੀ ਵੀ ਹਮਾਇਤ ਕੀਤੀ ਸੀ। ‘ਪਹਿਲਾਂ ਜਦੋਂ ਅਸੀਂ ਐੱਨਡੀਏ ’ਚ ਸੀ ਤਾਂ ਉਨ੍ਹਾਂ (ਭਾਜਪਾ) ਸਾਡੇ ਵਿਧਾਇਕਾਂ ਨੂੰ ਕੁਝ ਨਹੀਂ ਦਿੱਤਾ ਪਰ ਹੁਣ ਉਨ੍ਹਾਂ ਨੂੰ ਆਪਣੇ ਪਾਲੇ ’ਚ ਕਰ ਲਿਆ ਗਿਆ ਹੈ। ਕੀ ਇਹ ਜਾਇਜ਼ ਹੈ? ਕੀ ਇਹ ਸੰਵਿਧਾਨਕ ਹੈ? ਕੀ ਇਹ ਤੈਅ ਨੇਮਾਂ ਮੁਤਾਬਕ ਹੈ? ਉਹ ਹਰ ਥਾਂ ’ਤੇ ਇੰਜ ਹੀ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਕਰ ਰਹੇ ਹਨ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਰੋਧੀ ਧਿਰਾਂ ’ਤੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੇ ਲਾਏ ਗਏ ਦੋਸ਼ਾਂ ਬਾਰੇ ਨਿਤੀਸ਼ ਨੇ ਤਨਜ਼ ਕਸਿਆ,‘‘ਭਾਜਪਾ ਜੋ ਹੋਰ ਪਾਰਟੀਆਂ ਨਾਲ ਕਰ ਰਹੀ ਹੈ, ਉਹ ‘ਸਦਾਚਾਰ’ ਹੈ ਪਰ ਜਦੋਂ ਸਰਕਾਰ ਦੀ ਧਨ ਬਲ ਦੀ ਵਰਤੋਂ ਖ਼ਿਲਾਫ਼ ਸਾਂਝੀ ਲੜਾਈ ‘ਭ੍ਰਿਸ਼ਟਾਚਾਰ’ ਹੈ।’’ ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਰਾਜੀਵ ਰੰਜਨ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਨੇ ਜੋ ਦਿੱਲੀ, ਝਾਰਖੰਡ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ’ਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹੋ ਕੁਝ ਮਨੀਪੁਰ ’ਚ ਕੀਤਾ ਹੈ। ਮਨੀਪੁਰ ’ਚ ਜਨਤਾ ਦਲ (ਯੂ) ਦੇ ਪੰਜ ਵਿਧਾਇਕ ਸ਼ੁੱਕਰਵਾਰ ਨੂੰ ਹੁਕਮਰਾਨ ਭਾਜਪਾ ’ਚ ਸ਼ਾਮਲ ਹੋ ਗਏ ਸਨ। ਜਨਤਾ ਦਲ (ਯੂ) ਨੇ 38 ’ਚੋਂ ਛੇ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਮਨੀਪੁਰ ਵਿਧਾਨ ਸਭਾ ਦੇ ਸਪੀਕਰ ਨੇ ਜਨਤਾ ਦਲ (ਯੂ) ਦੇ ਪੰਜ ਵਿਧਾਇਕਾਂ ਦੇ ਭਾਜਪਾ ਨਾਲ ਰਲੇਵੇਂ ਨੂੰ ਮਨਜ਼ੂਰ ਕਰ ਲਿਆ ਸੀ। -ਪੀਟੀਆਈ