ਪੁਰਨੀਆ, 23 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੈ ਅੱਜ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਤਹਿਤ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਰਜੇਡੀ ਤੇ ਕਾਂਗਰਸ ਨਾਲ ਹੱਥ ਮਿਲਾ ਕੇ ਭਾਜਪਾ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ। ਸ੍ਰੀ ਸ਼ਾਹ ਨੇ ਦੋਸ਼ ਲਗਾਇਆ ਕਿ ਨਿਤੀਸ਼ ਕੁਮਾਰ ਦੀ ਕੋਈ ਵਿਚਾਰਧਾਰਾ ਨਹੀਂ ਹੈ, ਇਸ ਵਾਸਤੇ ਉਨ੍ਹਾਂ ਨੇ ਜਾਤੀ ਆਧਾਰਤ ਰਾਜਨੀਤੀ ਦੇ ਹੱਕ ਵਿੱਚ ਸਮਾਜਵਾਦ ਨੂੰ ਛੱਡ ਦਿੱਤਾ ਹੈ।
ਪੁਰਨੀਆ ਵਿੱਚ ਭਾਜਪਾ ਦੀ ਰੈਲੀ ਦੌਰਾਨ ਸ੍ਰੀ ਸ਼ਾਹ ਨੇ ਦਾਅਵਾ ਕੀਤਾ, ‘‘ਨਿਤੀਸ਼ ਜੀ, ਤੁਸੀਂ 2014 ਵਿੱਚ ਵੀ ਇਸੇ ਤਰ੍ਹਾਂ ਕੀਤਾ ਸੀ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਿਹਾਰ ਦੇ ਲੋਕ ਇਸ ਮਹਾਗੱਠਜੋੜ ਨੂੰ ਜੜ੍ਹੋਂ ਪੁੱਟ ਸੁੱਟਣਗੇ। 2025 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਸੂਬੇ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ।’’ ਉਨ੍ਹਾਂ ਕਿਹਾ, ‘‘ਸਵਾਰਥ ਤੇ ਤਾਕਤ ਦੀ ਥਾਂ, ਅਸੀਂ ਸੇਵਾ ਤੇ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਕਰਦੇ ਹਾਂ। ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਣ ਵਾਲੇ ਨਿਤੀਸ਼ ਕੁਮਾਰ ਨੇ ਭਾਜਪਾ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ ਹੁਣ ਆਰਜੇਡੀ ਤੇ ਕਾਂਗਰਸ ਦੀ ਗੋਦੀ ਵਿੱਚ ਬੈਠੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਦੀ ਵਿਚਾਰਧਾਰ ਸਿਰਫ਼ ਇਹ ਹੈ ਕਿ ਉਨ੍ਹਾਂ ਦੀ ਕੁਰਸੀ ਬਚੀ ਰਹੇ। ਸ੍ਰੀ ਸ਼ਾਹ ਬਿਹਾਰ ਦੇ ਸੀਮਾਂਚਲ ਖੇਤਰ ਦੇ ਦੋ ਦਿਨਾਂ ਦੌਰੇ ’ਤੇ ਹਨ ਜਿੱਥੇ ਉਹ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਪਾਰਟੀ ਦੇ ਵੱਖ-ਵੱਖ ਸੈੱਲਾਂ ਦੇ ਆਗੂਆਂ ਨਾਲ ਮੀਟਿੰਗਾਂ ਕਰਨਗੇ। -ਪੀਟੀਆਈ